ਬਰਨਾਲਾ ਬਿਊਰੋ
ਨੇੜਲੇ ਪਿੰਡ ਜੰਗੀਆਣਾ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦੇ ਪਤੀ ਰੇਸ਼ਮ ਸਿੰਘ ਵੱਲੋਂ ਇੱਕ ਨੌਜਵਾਨ ਨਾਲ ਗੱਲਬਾਤ ਦੌਰਾਨ ਬੇਹੱਦ ਘਟੀਆ ਸ਼ਬਦਾਵਲੀ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਸਾਹਮਣੇ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਰਪੰਚ ਦਾ ਪਤੀ ਰਾਜਸੀ ਪਹੁੰਚ ਰੱਖਦਾ ਹੈ ਅਤੇ ਟਰੱਕ ਯੂਨੀਅਨ ਸ਼ਹਿਣਾ ਭਦੌੜ ਦਾ ਪ੍ਰਧਾਨ ਵੀ ਹੈ, ਜਿਸ ਦੇ ਚਲਦਿਆਂ ਉਸ ਉੱਪਰ ਸੱਤਾ ਦੇ ਹੰਕਾਰ ਵਿੱਚ ਆ ਕੇ ਬ੍ਰਾਹਮਣ ਸਮਾਜ ਦੇ ਨੌਜਵਾਨ ਦੀਪਕ ਕੁਮਾਰ ਨੂੰ ਮੰਦਾ ਬੋਲਣ ਦੇ ਇਲਜ਼ਾਮ ਲੱਗੇ ਹਨ। ਇਸ ਦੇ ਨਾਲ ਹੀ ਪਿੰਡ ਦੇ ਇੱਕ ਹੋਰ ਨੌਜਵਾਨ ਰਵਿੰਦਰ ਕੁਮਾਰ ਨੇ ਆਪਣੇ ਨਾਲ ਹੋਈ ਬੀਤਕੀ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਰਪੰਚ ਦੇ ਨੁਮਾਇੰਦਿਆਂ ਨੂੰ ਆਪਣੀ ਨਿੱਜੀ ਜ਼ਮੀਨ ਵਿੱਚ ਸੀਵਰੇਜ ਦਾ ਗੰਦਾ ਪਾਣੀ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਰਪੰਚ ਦੇ ਸਾਥੀਆਂ ਵੱਲੋਂ ਉਸ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਦੇ ਬ੍ਰਾਹਮਣ ਸਮਾਜ ਅਤੇ ਹੋਰਨਾਂ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਦੀ ਲਹਿਰ ਫੈਲ ਗਈ, ਜਿਸ ਦੇ ਚਲਦਿਆਂ ਸਮੂਹ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਥਾਣਾ ਭਦੌੜ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਪ੍ਰਸ਼ਾਸਨ ਵੱਲੋਂ ਪੀੜਤ ਧਿਰ ਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਕਸੂਰਵਾਰ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਜਦੋਂ ਇਸ ਸਾਰੇ ਘਟਨਾਕ੍ਰਮ ਸਬੰਧੀ ਸਰਪੰਚ ਦੇ ਪਤੀ ਰੇਸ਼ਮ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੀਵਰੇਜ ਓਵਰਫਲੋ ਹੋਣ ਕਰਕੇ ਗੰਦਾ ਪਾਣੀ ਮੁੱਖ ਸੜਕ ਉੱਤੇ ਖੜ੍ਹਾ ਹੋ ਗਿਆ ਸੀ ਅਤੇ ਸੜਕ ਦੇ ਦੋਵਾਂ ਪਾਸਿਆਂ ਤੋਂ ਮਿੱਟੀ ਉੱਚੀ ਹੋਣ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਆਮ ਲੰਘਣ ਵਾਲੇ ਰਾਹੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਹਾ ਸੀ, ਜਿਸ ਕਰਕੇ ਪਾਣੀ ਨੂੰ ਜ਼ਮੀਨ ਵਾਲੇ ਪਾਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਉਨ੍ਹਾਂ ਕੋਲੋਂ ਗੱਲਬਾਤ ਦੌਰਾਨ ਵਰਤੀ ਗਈ ਅਭੱਦਰ ਸ਼ਬਦਾਵਲੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਜੋ ਕੁਝ ਵੀ ਉਨ੍ਹਾਂ ਦੇ ਮੂੰਹੋਂ ਨਿਕਲਿਆ ਹੈ, ਉਹ ਬੱਸ ਗੁੱਸੇ ਦੀ ਹਾਲਤ ਵਿੱਚ ਆ ਕੇ ਨਿਕਲਿਆ ਹੈ। ਇਸ ਵੇਲੇ ਸਰਪੰਚ ਦੇ ਪਤੀ ਦੀ ਗਾਲੀ-ਗਲੋਚ ਵਾਲੀ ਆਡੀਓ ਰਿਕਾਰਡਿੰਗ ਪਿੰਡ ਦੇ ਹਰ ਨੌਜਵਾਨ ਦੇ ਮੋਬਾਈਲ ਫੋਨ ਵਿੱਚ ਤੇਜ਼ੀ ਨਾਲ ਵਾਇਰਲ ਹੋ ਚੁੱਕੀ ਹੈ, ਜਿਸ ਕਾਰਨ ਪੀੜਤ ਧਿਰ ਅਤੇ ਪਿੰਡ ਵਾਸੀ ਰੇਸ਼ਮ ਸਿੰਘ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸਣ ਅਤੇ ਸਖ਼ਤ ਕਾਰਵਾਈ ਕਰਵਾਉਣ ਦੇ ਪੂਰੇ ਰੌਂਅ ਵਿੱਚ ਹਨ। ਮਾਮਲਾ ਰਾਜਨੀਤਿਕ ਸਰਪ੍ਰਸਤੀ ਅਤੇ ਸਮਾਜਿਕ ਰੋਸ ਨਾਲ ਜੁੜਿਆ ਹੋਣ ਕਰਕੇ ਪੂਰੇ ਇਲਾਕੇ ਵਿੱਚ ਚਰਚਾ ਦਾ ਵੀਸ਼ਾ ਬਣਿਆ ਹੋਇਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਅਤੇ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਹੈ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਝਮਾਝਮ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਵੱਡੀ ਰਾਹਤ, ਨਾਲੀਆਂ ਦੇ ਗੰਦੇ ਪਾਣੀ ਨੇ ਵਧਾਈਆਂ ਨਗਰ ਨਿਵਾਸੀਆਂ ਦੀਆਂ ਮੁਸ਼ਕਲਾਂ









Users Today : 29
Users Yesterday : 24
Users Last 7 days : 198