ਕੈਨੇਡਾ ਜਾ ਮੁੱਕਰੀ ਲੜਕੀ, ਪਰਚਾ ਦਰਜ, ਸਹੁਰਾ ਗ੍ਰਿਫਤਾਰ
ਬਰਨਾਲਾ ਬਿਊਰੋ 31 ਮਾਰਚ
ਪੰਜਾਬ ’ਚ ਵਿਦੇਸ਼ ਜਾਣ ਦੀ ਲਾਲਸਾ ਤੇ ‘ਕੰਟਰੈਕਟ ਮੈਰਿਜ‘ ਦੇ ਨਾਂ ‘ਤੇ ਹੋਣ ਵਾਲੀਆਂ ਧੋਖਾਧੜੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਬਰਨਾਲਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਦੇ ਸਹੁਰਾ ਪਰਿਵਾਰ ਵਲੋਂ 30 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪਤਨੀ ਨੇ ਵਿਦੇਸ਼ ਪਹੁੰਚਦੇ ਹੀ ਪਤੀ ਨਾਲ ਸਾਰੇ ਸਬੰਧ ਤੋੜ ਲਏ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕੁੜੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਨੌਜਵਾਨ ਸੰਦੀਪ ਕੁਮਾਰ ਇਕ ਸਾਧਾਰਨ ਪਿਛੋਕੜ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਫੋਟੋਗ੍ਰਾਫੀ ਦਾ ਕੰਮ ਕਰਦੇ ਹਨ ਤੇ ਮਾਂ ਬੁਟੀਕ ਚਲਾ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਪਰਿਵਾਰ ਨੇ ਆਪਣੇ ਪੁੱਤਰ ਦੇ ਸੁਨਹਿਰੀ ਭਵਿੱਖ ਦੀ ਉਮੀਦ ’ਚ ਆਪਣੀ ਜੀਵਨ ਭਰ ਦੀ ਪੂੰਜੀ ਦਾਅ ‘ਤੇ ਲਗਾ ਦਿੱਤੀ। ਦਸੰਬਰ 2023 ’ਚ ਸੰਦੀਪ ਦਾ ਵਿਆਹ ਲੁਧਿਆਣਾ ਦੀ ਇਕ ਲੜਕੀ ਨਾਲ ਇਸ ਸ਼ਰਤ ‘ਤੇ ਹੋਇਆ ਸੀ ਕਿ ਲੜਕੀ ਦੇ ਆਈਲੈਟਸ ’ਚ ਚੰਗੇ ਬੈਂਡ ਹਨ ਤੇ ਵਿਆਹ ਤੋਂ ਬਾਅਦ ਸੰਦੀਪ ਉਸ ਨੂੰ ਆਪਣੇ ਖ਼ਰਚੇ ‘ਤੇ ਕੈਨੇਡਾ ਭੇਜੇਗਾ। ਜੋ ਬਾਅਦ ’ਚ ਸੰਦੀਪ ਨੂੰ ਵੀ ਉੱਥੇ ਬੁਲਾ ਲਵੇਗੀ। ਸੰਦੀਪ ਨੇ ਦੱਸਿਆ ਕਿ ਵਿਆਹ ਸਮੇਂ ਕੁੜੀ ਦੇ ਪਰਿਵਾਰ ਨੇ ਆਪਣੀ ਗਰੀਬੀ ਦਾ ਹਵਾਲਾ ਦਿੱਤਾ ਸੀ। ਪੁੱਤਰ ਨੂੰ ਵਿਦੇਸ਼ ਸੈਟਲ ਕਰਨ ਦੇ ਚਾਹਵਾਨ ਮਾਪਿਆਂ ਨੇ ਰਿਸ਼ਤੇਦਾਰਾਂ ਤੋਂ ਕਰੀਬ 30 ਲੱਖ ਰੁਪਏ ਉਧਾਰ ਲਏ ਤੇ ਘਰ ਦੇ ਗਹਿਣੇ ਤਕ ਵੇਚ ਦਿੱਤੇ ਤਾਂ ਜੋ ਨੂੰਹ ਦੀ ਫੀਸ ਤੇ ਕੈਨੇਡਾ ਜਾਣ ਦਾ ਸਾਰਾ ਖ਼ਰਚਾ ਪੂਰਾ ਕੀਤਾ ਜਾ ਸਕੇ। 28 ਦਸੰਬਰ 2023 ਨੂੰ ਹੋਏ ਇਸ ਵਿਆਹ ਤੋਂ ਬਾਅਦ ਸਭ ਕੁਝ ਠੀਕ ਲੱਗ ਰਿਹਾ ਸੀ ਤੇ ਕੁੜੀ ਦੇ ਕੈਨੇਡਾ ਜਾਣ ਤੋਂ ਬਾਅਦ ਵੀ ਕੁਝ ਸਮਾਂ ਗੱਲਬਾਤ ਹੁੰਦੀ ਰਹੀ। ਧੋਖਾਧੜੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੈਨੇਡਾ ਪਹੁੰਚਣ ਦੇ ਕੁਝ ਮਹੀਨਿਆਂ ਬਾਅਦ ਹੀ ਪਤਨੀ ਨੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਸੰਦੀਪ ਮੁਤਾਬਕ ਉਸ ਦੀ ਪਤਨੀ ਨੇ ਵੀਡੀਓ ਕਾਲ ‘ਤੇ ਜਨਮ ਦਿਨ ਮਨਾਉਣ ਤੋਂ ਬਾਅਦ ਅਚਾਨਕ ਗੱਲ ਕਰਨੀ ਬੰਦ ਕਰ ਦਿੱਤੀ। ਜਦੋਂ ਸੰਦੀਪ ਨੇ ਜ਼ੋਰ ਪਾਇਆ ਤਾਂ ਪਤਨੀ ਨੇ ਬੜੀ ਬੇਰਹਿਮੀ ਨਾਲ ਜਵਾਬ ਦਿੱਤਾ ਕਿ ਤੂੰ ਮੈਨੂੰ ਸੋਹਣਾ ਨਹੀਂ ਲੱਗਦਾ, ਮੈਂ ਤੇਰੇ ਨਾਲ ਜ਼ਿੰਦਗੀ ਨਹੀਂ ਬਿਤਾ ਸਕਦੀ। ਇਸ ਤੋਂ ਬਾਅਦ ਉਸ ਨੇ ਸੰਦੀਪ ਦਾ ਨੰਬਰ ਬਲੌਕ ਕਰ ਦਿੱਤਾ ਤੇ ਸਹੁਰਾ ਪਰਿਵਾਰ ਨੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਪੁਲਿਸ ਦੀ ਸਖ਼ਤ ਕਾਰਵਾਈ: ਸਹੁਰਾ ਗ੍ਰਿਫ਼ਤਾਰ, ਕੁੜੀ ਨੂੰ ਵਾਪਸ ਲਿਆਉਣ ਦੀ ਤਿਆਰੀ
ਪੀੜਤ ਪਰਿਵਾਰ ਵਲੋਂ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਡੀਐੱਸਪੀ ਬਰਨਾਲਾ ਨੇ ਪੁਸ਼ਟੀ ਕੀਤੀ ਕਿ ਸੰਦੀਪ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕੁੜੀ ਦੇ ਪਿਤਾ ਸੰਦੀਪ ਦੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹੁਣ ਕਾਨੂੰਨੀ ਪ੍ਰਕਿਰਿਆ ਰਾਹੀਂ ਕੈਨੇਡਾ ਬੈਠੀ ਕੁੜੀ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਮਾਜਿਕ ਚਿੰਤਾ: ਕਰਜ਼ੇ ਦੀ ਪੰਡ ਹੇਠ ਦਬਿਆ ਪਰਿਵਾਰ
ਇਸ ਘਟਨਾ ਨੇ ਮੱਧਵਰਗੀ ਪਰਿਵਾਰਾਂ ਦੀ ਮਾਨਸਿਕ ਤੇ ਆਰਥਿਕ ਸਥਿਤੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਨਿਵਾਸੀ ਗੁਰਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਇਸ ਵੇਲੇ ਡੂੰਘੇ ਸਦਮੇ ’ਚ ਹੈ। 30 ਲੱਖ ਰੁਪਏ ਦਾ ਮੂਲ ਤੇ ਉਸ ‘ਤੇ ਚੜ੍ਹ ਰਿਹਾ ਭਾਰੀ ਵਿਆਜ ਮਾਪਿਆਂ ਦੀ ਨੀਂਦ ਉਡਾ ਰਿਹਾ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਵੇ।
ਮਾਪਿਆਂ ਦੀਆਂ ਅੱਖਾਂ ਦੇ ਹੰਝੂ ਤੇ ਟੁੱਟੇ ਸੁਪਨੇ
ਸੰਦੀਪ ਦੀ ਮਾਂ ਜੋ ਇਕ ਛੋਟਾ ਜਿਹਾ ਬੁਟੀਕ ਚਲਾ ਕੇ ਘਰ ਦੇ ਖਰਚਿਆਂ ’ਚ ਹੱਥ ਵਟਾਉਂਦੀ ਸੀ। ਅੱਜ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਸ ਨੇ ਆਪਣੇ ਪੁੱਤਰ ਦੇ ਸੁਹਿਰਦ ਭਵਿੱਖ ਲਈ ਦਿਨ-ਰਾਤ ਇਕ ਕਰਕੇ ਜੋੜੀ ਪਾਈ-ਪਾਈ ਇਸ ਉਮੀਦ ’ਚ ਖਰਚ ਕਰ ਦਿੱਤੀ ਸੀ ਕਿ ਵਿਦੇਸ਼ ਜਾ ਕੇ ਉਨ੍ਹਾਂ ਦੇ ਦਿਨ ਫਿਰਨਗੇ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨੂੰਹ ਨੂੰ ਧੀ ਵਾਂਗ ਸਤਿਕਾਰ ਦਿੱਤਾ ਤੇ ਉਸ ਦੀ ਹਰ ਮੰਗ ਪੂਰੀ ਕੀਤੀ। ਪਰ ਬਦਲੇ ਵਿੱਚ ਮਿਲੇ ਇਸ ਧੋਖੇ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਜੜ੍ਹੋਂ ਹਿਲਾ ਦਿੱਤਾ ਹੈ। ਅੱਜ ਉਹ ਨਾ ਸਿਰਫ਼ ਪੈਸੇ ਪੱਖੋਂ ਕੰਗਾਲ ਹੋ ਚੁੱਕੇ ਹਨ।
ਕਰਜ਼ੇ ਦੀ ਪੰਡ ਤੇ ਭਵਿੱਖ ਦੀ ਚਿੰਤਾ
30 ਲੱਖ ਰੁਪਏ ਦਾ ਇਹ ਵੱਡਾ ਕਰਜ਼ਾ ਹੁਣ ਸੰਦੀਪ ਦੇ ਪਰਿਵਾਰ ਲਈ ਗਲੇ ਦੀ ਫਾਹੀ ਬਣ ਗਿਆ ਹੈ। ਰਿਸ਼ਤੇਦਾਰਾਂ ਤੋਂ ਲਿਆ ਉਧਾਰ ਤੇ ਉਸ ਉੱਪਰ ਲਗਾਤਾਰ ਵਧ ਰਿਹਾ ਵਿਆਜ ਪਰਿਵਾਰ ਦੀ ਮਾਨਸਿਕ ਪਰੇਸ਼ਾਨੀ ਦਾ ਮੁਖ ਕਾਰਨ ਹੈ। ਸੰਦੀਪ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਵਲੋਂ ਕੀਤੇ ਧੋਖੇ ਸਦਕਾ ਉਸਦੀ ਮਾਨਸਿਕਤਾ ‘ਤੇ ਡੂੰਘੀ ਸੱਟ ਵੱਜੀ ਹੈ। ਪਰਿਵਾਰ ਹੁਣ ਸਰਕਾਰ ਤੇ ਪ੍ਰਸ਼ਾਸਨ ਵੱਲ ਬੜੀ ਉਮੀਦ ਨਾਲ ਦੇਖ ਰਿਹਾ ਹੈ ਕਿ ਸ਼ਾਇਦ ਕਾਨੂੰਨ ਦੀ ਮਦਦ ਨਾਲ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਵਾਪਸ ਮਿਲ ਸਕੇ ਤੇ ਉਨ੍ਹਾਂ ਨੂੰ ਇਸ ਨਰਕ ਭਰੀ ਜ਼ਿੰਦਗੀ ’ਚੋਂ ਕੋਈ ਰਾਹਤ ਮਿਲੇ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਠੁੱਲੀਵਾਲ ਵਿਖੇ ਵਾਪਰੀ ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।








Users Today : 2
Users Yesterday : 26
Users Last 7 days : 227