ਬਰਨਾਲਾ ਬਿਊਰੋ
ਕਸਬਾ ਭਦੌੜ ਦੇ ਵੱਖ-ਵੱਖ ਬਾਜ਼ਾਰਾਂ ਅਤੇ ਰਿਹਾਇਸ਼ੀ ਮੁਹੱਲਿਆਂ ਵਿੱਚ ਅੱਜ-ਕੱਲ੍ਹ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਪਰ ਇਸ ਸਫ਼ਾਈ ਪ੍ਰਕਿਰਿਆ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਦੀ ਬਜਾਏ ਹੋਰ ਵਧਾ ਦਿੱਤਾ ਹੈ ਕਿਉਂਕਿ ਸਫ਼ਾਈ ਕਰਮਚਾਰੀਆਂ ਵੱਲੋਂ ਮੇਨ ਹੋਲਾਂ ਵਿੱਚੋਂ ਕੱਢੀ ਗਈ ਕਾਲੀ ਜ਼ਹਿਰੀਲੀ ਗੰਦਗੀ ਅਤੇ ਚਿੱਕੜ ਨੂੰ ਤੁਰੰਤ ਉੱਥੋਂ ਚੁੱਕਣ ਦੀ ਬਜਾਏ ਸੜਕਾਂ ਦੇ ਕਿਨਾਰਿਆਂ ਅਤੇ ਆਉਣ-ਜਾਣ ਵਾਲੇ ਰਸਤਿਆਂ ਦੇ ਬਿਲਕੁਲ ਵਿਚਕਾਰ ਹੀ ਢੇਰਾਂ ਦੇ ਰੂਪ ਵਿੱਚ ਲਗਾ ਦਿੱਤਾ ਗਿਆ ਹੈ।

ਤੇਜ਼ ਧੁੱਪ ਅਤੇ ਗਰਮੀ ਕਾਰਨ ਇਸ ਗੰਦਗੀ ਵਿੱਚੋਂ ਉੱਠ ਰਹੀ ਅਸਹਿ ਬਦਬੂ ਨੇ ਆਲੇ-ਦੁਆਲੇ ਦੇ ਲੋਕਾਂ ਅਤੇ ਦੁਕਾਨਦਾਰਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਆਪਣੇ ਮੂੰਹਾਂ ’ਤੇ ਰੁਮਾਲ ਰੱਖਣ ਲਈ ਮਜਬੂਰ ਹਨ।

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਗੰਦਗੀ ਨੂੰ ਤੁਰੰਤ ਹਟਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਸੁੱਕ ਕੇ ਹਵਾ ਵਿੱਚ ਉੱਡ ਰਹੀ ਹੈ ਅਤੇ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਕਈ ਥਾਵਾਂ ’ਤੇ ਦੋ ਪਹੀਆ ਵਾਹਨ ਚਾਲਕ ਇਸ ਚਿੱਕੜ ਉੱਪਰੋਂ ਲੰਘਦੇ ਸਮੇਂ ਫਿਸਲ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪੈਦਲ ਚੱਲਣ ਵਾਲੇ ਰਾਹਗੀਰਾਂ ਦੇ ਕੱਪੜੇ ਵੀ ਖ਼ਰਾਬ ਹੋ ਰਹੇ ਹਨ। ਬਾਜ਼ਾਰ ਦੇ ਦੁਕਾਨਦਾਰਾਂ ਨੇ ਗੰਭੀਰ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਸੜਕਾਂ ’ਤੇ ਲੱਗੇ ਇਨ੍ਹਾਂ ਬਦਬੂਦਾਰ ਢੇਰਾਂ ਕਾਰਨ ਗਾਹਕਾਂ ਦਾ ਬਾਜ਼ਾਰ ਆਉਣਾ ਬਹੁਤ ਘਟ ਗਿਆ ਹੈ

ਜਿਸ ਨਾਲ ਉਨ੍ਹਾਂ ਦੇ ਰੋਜ਼ਾਨਾ ਦੇ ਕਾਰੋਬਾਰ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚ ਰਿਹਾ ਹੈ। ਕਸਬੇ ਦੇ ਸਮਾਜ ਸੇਵੀਆਂ ਅਤੇ ਮੋਹਤਬਰਾਂ ਨੇ ਨਗਰ ਕੌਂਸਲ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਜਦੋਂ ਵੀ ਸੀਵਰੇਜ ਦੀ ਸਫ਼ਾਈ ਕੀਤੀ ਜਾਵੇ ਤਾਂ ਗੰਦਗੀ ਨੂੰ ਸੜਕਾਂ ’ਤੇ ਸੁੱਟ ਕੇ ਲਾਵਾਰਿਸ ਛੱਡਣ ਦੀ ਬਜਾਏ ਸਿੱਧਾ ਵਾਹਨਾਂ ਵਿੱਚ ਲੱਦ ਕੇ ਸ਼ਹਿਰ ਤੋਂ ਬਾਹਰ ਨਿਰਧਾਰਿਤ ਥਾਂ ’ਤੇ ਸੁੱਟਿਆ ਜਾਵੇ ਤਾਂ ਜੋ ਆਮ ਜਨਤਾ ਨੂੰ ਇਸ ਨਰਕ ਭਰੀ ਪਰੇਸ਼ਾਨੀ ਤੋਂ ਤੁਰੰਤ ਨਿਜਾਤ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦ ਸਥਾਈ ਹੱਲ ਨਾ ਕੀਤਾ ਗਿਆ ਤਾਂ ਇਲਾਕਾ ਨਿਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| ਬਾਦਲ ਪਰਿਵਾਰ ਦੇ ਕਾਲੇ ਕਾਰਨਾਮਿਆਂ ਦਾ ਹੋਵੇਗਾ ਪਰਦਾਫਾਸ਼, ਮਿਲੇਗੀ ਪਾਪਾਂ ਦੀ ਸਜ਼ਾ |









Users Today : 58
Users Yesterday : 77
Users Last 7 days : 391