ਚੰਡੀਗੜ੍ਹ ਬਿਊਰੋ
ਪੰਜਾਬ ਵਿੱਚ ਸਿੱਖਿਆ ਅਤੇ ਖੇਡ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ‘ਤੇ ਉਸ ਸਮੇਂ ਗੰਭੀਰ ਸਵਾਲ ਖੜ੍ਹੇ ਹੋ ਗਏ ਜਦੋਂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸੈਂਟਰ ਪੱਧਰੀ ਖੇਡਾਂ ਲਈ ਸਰਕਾਰ ਵੱਲੋਂ ਕੋਈ ਫੰਡ ਜਾਰੀ ਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਥਿਤੀ ਵਿੱਚ ਅਧਿਆਪਕਾਂ ਨੂੰ ਆਪਣੀਆਂ ਜੇਬ੍ਹਾਂ ਵਿੱਚੋਂ ਪੈਸੇ ਇਕੱਠੇ ਕਰਕੇ ਖੇਡਾਂ ਦਾ ਆਯੋਜਨ ਕਰਵਾਉਣਾ ਪੈ ਰਿਹਾ ਹੈ। ਅਧਿਆਪਕਾਂ ਦੀ ਪ੍ਰਮੁੱਖ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਾਇਮਰੀ ਪੱਧਰ ‘ਤੇ ਲਗਭਗ ਦਸ-ਦਸ ਸਕੂਲਾਂ ਨੂੰ ਮਿਲਾ ਕੇ ਇੱਕ ਸੈਂਟਰ ਪੱਧਰੀ ਖੇਡ ਮੁਕਾਬਲਾ ਕਰਵਾਇਆ ਜਾਂਦਾ ਹੈ। ਇਨ੍ਹਾਂ ਖੇਡਾਂ ਲਈ ਜ਼ਰੂਰੀ ਸਮਾਨ ਖਰੀਦਣ, ਖੇਡ ਮੈਦਾਨ ਤਿਆਰ ਕਰਨ, ਜੇਤੂ ਬੱਚਿਆਂ ਲਈ ਮੈਡਲ ਅਤੇ ਟ੍ਰਾਫੀਆਂ ਦਾ ਪ੍ਰਬੰਧ ਕਰਨ ਅਤੇ ਦੂਜੇ ਸਕੂਲਾਂ ਤੋਂ ਆਏ ਅਧਿਆਪਕਾਂ ਲਈ ਚਾਹ-ਪਾਣੀ ਦਾ ਇੰਤਜ਼ਾਮ ਕਰਨ ਦਾ ਸਾਰਾ ਵਿੱਤੀ ਬੋਝ ਸੈਂਟਰ ਅਧੀਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਨੂੰ ਆਪਸੀ ਸਹਿਯੋਗ ਨਾਲ ਆਪਣੀਆਂ ਜੇਬ੍ਹਾਂ ਵਿੱਚੋਂ ਚੁੱਕਣਾ ਪੈਂਦਾ ਹੈ। ਇਸ ਤੋਂ ਇਲਾਵਾ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਸੈਂਟਰ ਸਕੂਲ ਤੱਕ ਲਿਆਉਣ ਲਈ ਗੱਡੀਆਂ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਲਈ ਖੇਡ ਪਹਿਰਾਵੇ ਦਾ ਇੰਤਜ਼ਾਮ ਕਰਨ ਲਈ ਵੀ ਸਿੱਖਿਆ ਵਿਭਾਗ ਵੱਲੋਂ ਇੱਕ ਰੁਪਿਆ ਵੀ ਨਹੀਂ ਦਿੱਤਾ ਜਾਂਦਾ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈੱਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈੱਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਸ ਬੁਨਿਆਦੀ ਪੱਧਰ ਤੋਂ ਨਵੇਂ ਖਿਡਾਰੀਆਂ ਨੇ ਤਿਆਰ ਹੋਣਾ ਹੁੰਦਾ ਹੈ, ਉੱਥੇ ਤਾਂ ਸਰਕਾਰ ਵੱਲੋਂ ਕੋਈ ਬਜਟ ਪ੍ਰਦਾਨ ਨਹੀਂ ਕੀਤਾ ਜਾ ਰਿਹਾ, ਜਦਕਿ ਦੂਜੇ ਪਾਸੇ ਆਪਣੀ ਸਿਆਸੀ ਲਾਹਾ ਲੈਂਦਿਆਂ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਵੱਡੇ ਸਮਾਗਮਾਂ ‘ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ਖੇਡ ਸਮਾਗਮਾਂ ਦੇ ਨਾਂ ‘ਤੇ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਦੂਜੇ ਪਾਸੇ ਪ੍ਰਾਇਮਰੀ ਸਕੂਲਾਂ ਦੇ ਛੋਟੇ ਬੱਚੇ ਸੁਵਿਧਾਵਾਂ ਦੀ ਘਾਟ ਕਾਰਨ ਖੇਡ ਮੈਦਾਨਾਂ ਵਿੱਚ ਬਿਨਾਂ ਜੁੱਤੀਆਂ ਤੋਂ ਖੇਡਣ ਲਈ ਮਜਬੂਰ ਹਨ। ਅਧਿਆਪਕ ਆਗੂਆਂ ਨੇ ਮੰਗ ਕੀਤੀ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਪੜਾਅ ਵਿੱਚ ਹੋਣ ਵਾਲੀਆਂ ਇਨ੍ਹਾਂ ਪ੍ਰਾਇਮਰੀ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਕਾਰ ਤੁਰੰਤ ਪ੍ਰਤੀ ਸੈਂਟਰ 50,000 ਰੁਪਏ ਦਾ ਖੇਡ ਫੰਡ ਜਾਰੀ ਕਰੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸਨਅਤੀ ਖੇਤਰਾਂ ਵਿੱਚ ਲਗਾਤਾਰ ਪੰਜ ਘੰਟੇ ਬਿਜਲੀ ਕੱਟ ਲੱਗਣ ਕਾਰਨ ਕਾਰੋਬਾਰੀ ਪਰੇਸ਼ਾਨ, ਫੈਕਟਰੀਆਂ ਵਿੱਚ ਉਤਪਾਦਨ ਬੁਰੇ ਤਰੀਕੇ ਨਾਲ ਪ੍ਰਭਾਵਿਤ









Users Today : 119
Users Yesterday : 120
Users Last 7 days : 370