ਮਾਮੂਲੀ ਬਰਸਾਤ ਨਾਲ ਬਣਦੀ ਹੈ ‘ਤਲਾਬ‘ ਵਰਗੀ ਸਥਿਤੀ
ਬਰਨਾਲਾ ਬਿਊਰੋ 24 ਮਾਰਚ
ਬਰਨਾਲਾ-ਬਾਜਾਖਾਨਾ ਮੁਖ ਮਾਰਗ ‘ਤੇ ਸਥਿਤ ਭਦੌੜ ਨੇੜੇ ਸੜਕ ਦਾ ਕਰੀਬ 300 ਮੀਟਰ ਦਾ ਹਿੱਸਾ ਪਿਛਲੇ ਲੰਬੇ ਸਮੇਂ ਤੋਂ ਵਿਭਾਗ ਅਣਗਹਿਲੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਹੈ। ਸ਼ਹਿਣਾ-ਭਦੌੜ ਮੁਖ ਸੜਕ ਜੋ ਕਿ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ, ਦਾ ਇਹ ਹਿੱਸਾ ਬੇਹੱਦ ਨੀਵਾਂ ਹੋਣ ਕਾਰਨ ਹਜ਼ਾਰਾਂ ਰਾਹਗੀਰਾਂ ਤੇ ਸਥਾਨਕ ਨਿਵਾਸੀਆਂ ਲਈ ਵੱਡੀ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦਾ ਇਹ ਟੋਟਾ ਇੰਨਾ ਨੀਵਾਂ ਹੈ ਕਿ ਕੁਝ ਕੁ ਮੀਂਹ ਪੈਣ ‘ਤੇ ਵੀ ਇਥੇ ਕਈ-ਕਈ ਫੁੱਟ ਪਾਣੀ ਜਮ੍ਹਾ ਹੋ ਜਾਂਦਾ ਹੈ। ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਕਈ-ਕਈ ਦਿਨਾਂ ਤਕ ਸੜਕ ‘ਤੇ ਹੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਨਾ ਸਿਰਫ਼ ਆਵਾਜਾਈ ’ਚ ਵਿਘਨ ਪੈਂਦਾ ਹੈ। ਸਗੋਂ ਇਥੋਂ ਗੁਜ਼ਰਨ ਵਾਲੇ ਦੋਪਹੀਆ ਵਾਹਨ ਚਾਲਕ ਅਕਸਰ ਤਿਲਕ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਗੰਦੇ ਪਾਣੀ ਦੀ ਬਦਬੂ ਕਾਰਨ ਨੇੜਲੇ ਦੁਕਾਨਦਾਰਾਂ ਤੇ ਰਿਹਾਇਸ਼ੀ ਲੋਕਾਂ ਦਾ ਜਿਊਣਾ ਵੀ ਮੁਹਾਲ ਹੋਇਆ ਪਿਆ ਹੈ। ਇਲਾਕਾ ਨਿਵਾਸੀਆਂ ’ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਲਿਖਤੀ ਤੇ ਜ਼ਬਾਨੀ ਮੰਗਾਂ ਕਰਨ ਦੇ ਬਾਵਜੂਦ ਵੀ ਸੜਕ ਨੂੰ ਉੱਚਾ ਚੁੱਕ ਕੇ ਬਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸ਼ਾਇਦ ਵਿਭਾਗ ਕਿਸੇ ਵੱਡੇ ਜਾਨੀ-ਮਾਲੀ ਹਾਦਸੇ ਦੀ ਉਡੀਕ ਕਰ ਰਿਹਾ ਹੈ। ਜਿਸ ਤੋਂ ਬਾਅਦ ਹੀ ਸ਼ਾਇਦ ਅਧਿਕਾਰੀਆਂ ਦੀ ਅੱਖ ਖੁੱਲ੍ਹੇਗੀ। ਫਿਲਹਾਲ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਲੋਕ ਇਸ ‘ਨਰਕ‘ ਵਰਗੀ ਸਥਿਤੀ ’ਚੋਂ ਗੁਜ਼ਰਨ ਲਈ ਮਜਬੂਰ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜਦੋਂ ਤਕ ਸੜਕ ਦਾ ਪੱਕਾ ਹੱਲ ਨਹੀਂ ਹੁੰਦਾ। ਉਦੋਂ ਤਕ ਘਟੋ-ਘਟ ਪਾਣੀ ਦੀ ਨਿਕਾਸੀ ਲਈ ਆਰਜ਼ੀ ਪ੍ਰਬੰਧ ਕੀਤੇ ਜਾਣ ਤਾਂ ਜੋ ਰੋਜ਼ਾਨਾ ਹੁੰਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਸਰਕਾਰ ਨੂੰ ਪ੍ਰਪੋਜਲ ਭੇਜੀ ਜਾ ਚੁੱਕੀ ਹੈ: ਐਕਸੀਅਨ
ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹਰਸ਼ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੜਕ ਦੇ ਇਸ 300 ਮੀਟਰ ਹਿੱਸੇ ਨੂੰ ਉੱਚਾ ਚੁੱਕ ਕੇ ਨਵੇਂ ਸਿਰਿਓ ਬਣਾਉਣ ਲਈ ਇਕ ਵਿਸਤ੍ਰਿਤ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਹ ਪ੍ਰਸਤਾਵ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਿਵੇਂ ਹੀ ਸਰਕਾਰ ਵਲੋਂ ਫੰਡਾਂ ਦੀ ਰਾਸ਼ੀ ਜਾਰੀ ਹੁੰਦੀ ਹੈ ਤੇ ਪ੍ਰਸਤਾਵ ਨੂੰ ‘ਹਰੀ ਝੰਡੀ‘ ਮਿਲਦੀ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁਲ੍ਹੀਆਂ ਅੱਖਾਂ ਬਰਨਾਲਾ ਵਿਖੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਦਾ ਦੌਰਾ, ਪੰਥ ਦੀ ਚੜ੍ਹਦੀ ਕਲਾ ਲਈ ਬਾਣੀ ਨਾਲ ਜੁੜਨ ਦਾ ਸੰਦੇਸ਼








Users Today : 6
Users Yesterday : 26
Users Last 7 days : 231