ਬਾਸਮਤੀ ਤੇ ਮਸਾਲਾ ਨਿਰਯਾਤ `ਤੇ ਵੱਡੀ ਸੱਟ: ਨਿਰਯਾਤ ਰੂਟਾਂ ’ਚ ਵਿਘਨ ਤੇ ਆਰਡਰਾਂ ਦੀ ਘਾਟ
ਬਰਨਾਲਾ ਬਿਊਰੋ 5 ਮਾਰਚ
ਪੱਛਮੀ ਏਸ਼ੀਆ ’ਚ ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਕਾਰ ਵਧ ਰਹੀ ਫੌਜੀ ਤੇ ਰਾਜਨੀਤਿਕ ਤਣਾਅ ਦੀ ਸਥਿਤੀ ਨੇ ਭਾਰਤੀ ਖੇਤੀਬਾੜੀ ਖੇਤਰ ਖਾਸ ਕਰਕੇ ਉੱਤਰੀ ਭਾਰਤ ਦੇ ਕਿਸਾਨਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨ, ਜੋ ਮੁਖ ਤੌਰ `ਤੇ ਬਾਸਮਤੀ ਚੌਲਾਂ ਤੇ ਮਸਾਲਿਆਂ ਦੇ ਨਿਰਯਾਤ `ਤੇ ਨਿਰਭਰ ਹਨ, ਨੂੰ ਹੁਣ ਆਪਣੀ ਆਜੀਵਿਕਾ ਡੁੱਬਣ ਦਾ ਡਰ ਸਤਾ ਰਿਹਾ ਹੈ। ਜੇਕਰ ਇਹ ਟਕਰਾਅ ਲੰਬੇ ਸਮੇਂ ਤਕ ਖਿੱਚਿਆ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਨਾ ਸਿਰਫ ਵਿਦੇਸ਼ੀ ਵਪਾਰ `ਤੇ ਪਵੇਗਾ। ਸਗੋਂ ਖੇਤੀ ਦੀ ਲਾਗਤ ’ਚ ਵੀ ਭਾਰੀ ਵਾਧਾ ਹੋਵੇਗਾ। ਵਧਦੇ ਟਕਰਾਅ ਨੇ ਸਮੁੰਦਰੀ ਆਵਾਜਾਈ ਦੇ ਰੂਟਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਸਥਿਤੀ ਬਹੁਤ ਗੰਭੀਰ ਹੈ। ਨਾ ਸਿਰਫ ਵਪਾਰ ਸਗੋਂ ਮਨੁੱਖੀ ਜਾਨਾਂ ਵੀ ਜੋਖਮ ’ਚ ਹਨ। ਉਨ੍ਹਾਂ ਦੱਸਿਆ ਕਿ ਮੱਧ ਪੂਰਬ ’ਚ ਫਸੇ ਭਾਰਤੀ ਕਾਮਿਆਂ ਦੇ ਨਾਲ-ਨਾਲ ਹੁਣ ਬਾਸਮਤੀ ਚੌਲਾਂ ਦੇ ਵਪਾਰੀ ਵੀ ਦੁਵਿਧਾ ’ਚ ਹਨ। ਨਵੇਂ ਆਰਡਰ ਮਿਲਣੇ ਬੰਦ ਹੋ ਗਏ ਹਨ ਤੇ ਜੋ ਸ਼ਿਪਮੈਂਟ ਪਹਿਲਾਂ ਹੀ ਰਸਤੇ ’ਚ ਹਨ। ਉਨ੍ਹਾਂ ਦੀ ਸੁਰੱਖਿਆ ਤੇ ਪਹੁੰਚ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਇਹ ਉਲਝਣ ਕਿਸਾਨਾਂ ਤੇ ਨਿਰਯਾਤਕਾਂ ਲਈ ਮਾਨਸਿਕ ਤੇ ਵਿੱਤੀ ਤਣਾਅ ਦਾ ਕਾਰਨ ਬਣ ਰਹੀ ਹੈ। ਭਾਰਤ ਦੇ ਬਾਸਮਤੀ ਨਿਰਯਾਤ ਦਾ ਇਕ ਵੱਡਾ ਹਿੱਸਾ (ਲਗਭਗ 25 ਫੀਸਦੀ) ਇਕੱਲੇ ਈਰਾਨ ਨੂੰ ਜਾਂਦਾ ਹੈ। ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿਮਘ ਸ਼ਹਿਣਾ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਇਹ ਸਪਲਾਈ ਚੇਨ ਟੁੱਟਦੀ ਹੈ ਤਾਂ ਭਾਰਤੀ ਬਾਜ਼ਾਰ ’ਚ ਬਾਸਮਤੀ ਦੀਆਂ ਕੀਮਤਾਂ ਮੂਧੇ ਮੂੰਹ ਡਿੱਗ ਸਕਦੀਆਂ ਹਨ।
ਮਸਾਲਿਆਂ ਦਾ ਬਾਜ਼ਾਰ: ਸਪਾਈਸ ਬੋਰਡ ਦੇ ਅੰਕੜਿਆਂ ਮੁਤਾਬਕ, ਭਾਰਤ ਨੇ 39,994.48 ਕਰੋੜ ਰੁਪਏ ਦੇ ਮਸਾਲੇ ਨਿਰਯਾਤ ਕੀਤੇ ਹਨ। ਜਿਸ ’ਚ ਯੂਏਈ 9 ਫੀਸਦੀ ਤੇ ਸਾਊਦੀ ਅਰਬ 3 ਫੀਸਦੀ ਵਰਗੇ ਦੇਸ਼ਾਂ ਦੀ ਅਹਿਮ ਭੂਮਿਕਾ ਹੈ।
ਕੁਲ ਪ੍ਰਭਾਵ: ਜੇਕਰ ਜੰਗ ਜਾਰੀ ਰਹਿੰਦੀ ਹੈ ਤਾਂ ਭਾਰਤ ਦੇ ਕੁਲ ਮਸਾਲਾ ਨਿਰਯਾਤ ਦਾ 12 ਫੀਸਦੀ ਤੇ ਬਾਸਮਤੀ ਦਾ ਚੌਥਾ ਹਿੱਸਾ ਸਿੱਧੇ ਤੌਰ `ਤੇ ਪ੍ਰਭਾਵਿਤ ਹੋਵੇਗਾ।
ਖੇਤੀ ਲਾਗਤ ’ਚ ਵਾਧੇ ਦਾ ਡਰ: ਕਿਸਾਨਾਂ ਦੀ ਚਿੰਤਾ ਸਿਰਫ਼ ਨਿਰਯਾਤ ਤਕ ਸੀਮਿਤ ਨਹੀਂ ਹੈ। ਸਗੋਂ ਉਨ੍ਹਾਂ ਨੂੰ ਸਥਾਨਕ ਉਤਪਾਦਨ ਲਾਗਤ ਵਧਣ ਦਾ ਵੀ ਡਰ ਹੈ। ਕਿਸਾਨ ਰਣਜੀਤ ਸਿੰਘ ਭੋਤਨਾ ਦਾ ਕਹਿਣਾ ਹੈ ਕਿ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਧਣੀਆਂ ਤੈਅ ਹਨ।
ਡੀਜ਼ਲ ਦੀਆਂ ਕੀਮਤਾਂ: ਟਰੈਕਟਰਾਂ, ਸਿੰਚਾਈ ਪੰਪਾਂ ਤੇ ਵਾਢੀ ਦੀਆਂ ਮਸ਼ੀਨਾਂ ਲਈ ਡੀਜ਼ਲ ਲਾਜ਼ਮੀ ਹੈ। ਤੇਲ ਮਹਿੰਗਾ ਹੋਣ ਨਾਲ ਖੇਤੀ ਦਾ ਖਰਚਾ ਵਧੇਗਾ।
ਖਾਦਾਂ ਤੇ ਯੂਰੀਆ: ਯੂਰੀਆ ਵਰਗੀਆਂ ਖਾਦਾਂ ਦੇ ਉਤਪਾਦਨ ’ਚ ਨਾਈਟ੍ਰੋਜਨ ਤੇ ਕੁਦਰਤੀ ਗੈਸ ਦੀ ਵੱਡੀ ਭੂਮਿਕਾ ਹੁੰਦੀ ਹੈ। ਗੈਸ ਦੀਆਂ ਵਧਦੀਆਂ ਕੀਮਤਾਂ ਖਾਦਾਂ ਨੂੰ ਮਹਿੰਗਾ ਕਰ ਦੇਣਗੀਆਂ। ਜਿਸ ਦਾ ਸਾਰਾ ਬੋਝ ਕਿਸਾਨ ਦੇ ਮੋਢਿਆਂ `ਤੇ ਪਵੇਗਾ।
ਆਰਥਿਕ ਸੰਕਟ ਵੱਲ ਵਧਦੇ ਕਦਮ
ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ। ਅਜਿਹੀ ਸਥਿਤੀ ’ਚ ਖਾੜੀ ਦੇਸ਼ਾਂ ’ਚ ਪੈਦਾ ਹੋਇਆ ਅਸਥਿਰਤਾ ਦਾ ਮਾਹੌਲ ਕਿਸਾਨਾਂ ਦੇ ਮੁਨਾਫ਼ੇ ਨੂੰ ਖ਼ਤਮ ਕਰ ਸਕਦਾ ਹੈ। ਜੇਕਰ ਸਰਕਾਰ ਨੇ ਨਿਰਯਾਤਕਾਂ ਤੇ ਕਿਸਾਨਾਂ ਦੀ ਸਹਾਇਤਾ ਲਈ ਕੋਈ ਬਦਲਵਾਂ ਹੱਲ ਜਾਂ ਸਬਸਿਡੀ ਵਾਲੀ ਨੀਤੀ ਨਾ ਅਪਣਾਈ ਤਾਂ ਉੱਤਰੀ ਭਾਰਤ ਦਾ ਖੇਤੀਬਾੜੀ ਖੇਤਰ ਇਕ ਡੂੰਘੇ ਵਿੱਤੀ ਸੰਕਟ ’ਚ ਫਸ ਸਕਦਾ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ https://theopeneyes24.com/wp-admin/post-new.php








Users Today : 10
Users Yesterday : 7
Users Last 7 days : 50