ਬਰਨਾਲਾ ਬਿਊਰੋ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਦਾ ਸਖ਼ਤ ਵਿਰੋਧ ਕੀਤਾ ਗਿਆ। ਸੁਸਾਇਟੀ ਦੇ ਆਗੂਆਂ ਨੇ ਸਰਕਾਰ ਵੱਲੋਂ ਕਰਵਾਈ ਜਾ ਰਹੀ ਮੁਫ਼ਤ ਧਾਰਮਿਕ ਯਾਤਰਾ ਨੂੰ ਗੈਰ-ਸੰਵਿਧਾਨਕ ਅਤੇ ਜਨਤਕ ਪੈਸੇ ਦੀ ਬਰਬਾਦੀ ਦੱਸਦਿਆਂ ਇਸ ਉੱਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਦੇਸ਼ ਦਾ ਆਧਾਰ ਧਰਮ ਨਿਰਪੱਖ ਹੈ, ਇਸ ਲਈ ਸਰਕਾਰ ਕੋਲ ਲੋਕਾਂ ਦੇ ਟੈਕਸ ਦਾ ਪੈਸਾ ਧਾਰਮਿਕ ਕੰਮਾਂ ਉੱਤੇ ਖਰਚਣ ਦਾ ਕੋਈ ਕਾਨੂੰਨੀ ਜਾਂ ਨੈਤਿਕ ਅਧਿਕਾਰ ਨਹੀਂ ਹੈ। ਆਗੂਆਂ ਨੇ ਸਵਾਲ ਚੁੱਕਿਆ ਕਿ ਜਦੋਂ ਕਰੋੜਾਂ ਕਿਸਾਨ, ਮਜ਼ਦੂਰ ਅਤੇ ਪਿਛੜੇ ਵਰਗ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ, ਤਾਂ ਅਜਿਹੀਆਂ ਫ਼ਜ਼ੂਲਖਰਚੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਯੋਜਨਾ ਨੂੰ ਧਾਰਮਿਕ ਆਸਥਾ ਦੀ ਆੜ ਵਿੱਚ ਵੋਟਾਂ ਬਟੋਰਨ ਦੀ ਸਿਆਸਤ ਦੱਸਿਆ ਅਤੇ ਹਾਈਕੋਰਟ ਦੇ ਪੁਰਾਣੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਮੌਜੂਦਾ ਸਰਕਾਰ ਦੇ ਇਸ ਕਦਮ ਦੀ ਨਿਖੇਧੀ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਦੇ ਭੱਤੇ, ਮਹਿੰਗਾਈ ਭੱਤਾ ਅਤੇ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ ਅਤੇ ਨੌਕਰੀਆਂ ਮੰਗਦੇ ਬੇਰੁਜ਼ਗਾਰਾਂ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਇਸ਼ਤਿਹਾਰਬਾਜ਼ੀ ਅਤੇ ਤੀਰਥ ਯਾਤਰਾਵਾਂ ਉੱਤੇ ਕਰੋੜਾਂ ਰੁਪਏ ਉਡਾਏ ਜਾ ਰਹੇ ਹਨ। ਇਸ ਮੌਕੇ ਸੁਸਾਇਟੀ ਵੱਲੋਂ ਅਗਸਤ ਮਹੀਨੇ ਵਿੱਚ ਬਰਨਾਲਾ ਵਿਖੇ ਡਾਕਟਰ ਨਰਿੰਦਰ ਦਾਭੋਲਕਰ ਨੂੰ ਸਮਰਪਿਤ ਤਿੰਨ ਦਿਨਾਂ ਪੁਸਤਕ ਮੇਲਾ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਅਤੇ ਪੰਜਾਬ ਵਿੱਚ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮਨਰੇਗਾ ਮੁਲਾਜ਼ਮਾਂ ਦਾ ਟੁੱਟਿਆ ਸਬਰ, ਪੰਚਾਇਤ ਵਿਭਾਗ ਵਿੱਚ ਪੱਕੇ ਹੋਣ ਅਤੇ ਛੇ ਮਹੀਨਿਆਂ ਦੀ ਰੁਕੀ ਤਨਖ਼ਾਹ ਲਈ ਪੰਦਰ੍ਹਵੇਂ ਦਿਨ ਵੀ ਕਲਮਛੋੜ ਹੜਤਾਲ ਜਾਰੀ








Users Today : 12
Users Yesterday : 47
Users Last 7 days : 306