ਬਰਨਾਲਾ ਬਿਊਰੋ
ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ ਛੇ ਸੌ ਤਾਲੀ ਸਮਰਾ ਗਰੁੱਪ, ਤਹਿਸੀਲ ਮਹਿਲ ਕਲਾਂ ਦੇ ਸਮੂਹ ਨੰਬਰਦਾਰਾਂ ਦੀ ਇੱਕ ਅਹਿਮ ਅਤੇ ਜ਼ਰੂਰੀ ਤਹਿਸੀਲ ਪੱਧਰੀ ਮੀਟਿੰਗ ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਤਹਿਸੀਲ ਪ੍ਰਧਾਨ ਨੰਬਰਦਾਰ ਕਲੱਟਰ ਸਿੰਘ ਪੰਡੋਰੀ ਦੀ ਯੋਗ ਪ੍ਰਧਾਨਗੀ ਹੇਠ ਸਫਲਤਾਪੂਰਵਕ ਸੰਪੰਨ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਆਮ ਚੋਣਾਂ ਸਮੇਂ ਨੰਬਰਦਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ‘ਤੇ ਡੂੰਘਾ ਰੋਸ ਪ੍ਰਗਟਾਇਆ ਗਿਆ ਅਤੇ ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਮੁੱਚੇ ਨੰਬਰਦਾਰਾਂ ਨੇ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਜਲਦ ਮੰਨਿਆ ਨਾ ਗਿਆ ਤਾਂ ਸੂਬਾ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਬਲਵੀਰ ਸਿੰਘ ਮਹਿਲ ਖੁਰਦ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਸਹੌਰ, ਤਹਿਸੀਲ ਪ੍ਰਧਾਨ ਕਲੱਟਰ ਸਿੰਘ ਪੰਡੋਰੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮੂੰਮ, ਮੀਤ ਪ੍ਰਧਾਨ ਜਸਵੰਤ ਸਿੰਘ ਕਲਾਲ ਮਾਜਰਾ, ਜਨਰਲ ਸਕੱਤਰ ਡਾਕਟਰ ਸੁਖਵਿੰਦਰ ਸਿੰਘ ਠੁੱਲੀਵਾਲ, ਖ਼ਜ਼ਾਨਚੀ ਮਹਿੰਦਰ ਸਿੰਘ ਸਹੌਰ ਅਤੇ ਸਕੱਤਰ ਦਵਿੰਦਰ ਸਿੰਘ ਵਜੀਦਕੇ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਨੰਬਰਦਾਰਾਂ ਦਾ ਮਾਨ ਭੱਤਾ ਵਧਾ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਅਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਦਰਜਾ ਬਹਾਲ ਰੱਖਣ ਦਾ ਲਿਖਤੀ ਵਾਅਦਾ ਕੀਤਾ ਸੀ, ਪਰ ਸਰਕਾਰ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇੱਕ ਵੀ ਵਾਅਦਾ ਅਮਲੀ ਰੂਪ ਵਿੱਚ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਸੂਬੇ ਭਰ ਦੇ ਨੰਬਰਦਾਰਾਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਵਾਰ-ਵਾਰ ਮੰਤਰੀਆਂ, ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ, ਪਰ ਸਰਕਾਰ ਲਗਾਤਾਰ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਪ੍ਰਸ਼ਾਸਨ ਦੀ ਅਹਿਮ ਕੜੀ ਹਨ, ਪਰ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੌਜੂਦਾ ਪੰਦਰਾਂ ਸੌ ਰੁਪਏ ਮਾਨ ਭੱਤੇ ਨੂੰ ਵਧਾ ਕੇ ਤੁਰੰਤ ਪੰਜ ਹਜ਼ਾਰ ਰੁਪਏ ਕੀਤਾ ਜਾਵੇ, ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਰੱਖਿਆ ਜਾਵੇ, ਤਹਿਸੀਲ ਦਫ਼ਤਰਾਂ ਵਿੱਚ ਵੱਖਰੇ ਬੈਠਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪਿਛਲੇ ਚਾਰ ਮਹੀਨਿਆਂ ਦਾ ਬਕਾਇਆ ਮਾਨ ਭੱਤਾ ਜਲਦ ਜਾਰੀ ਕੀਤਾ ਜਾਵੇ। ਇਸ ਮੌਕੇ ਸਰਕਾਰ ਦੀ ਅਣਦੇਖੀ ਖ਼ਿਲਾਫ਼ ਛੱਬੀ ਜੁਲਾਈ ਨੂੰ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਅਹਿਮ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਗਿਆ, ਜਿਸ ਵਿੱਚ ਸੂਬਾ ਕਮੇਟੀ ਦੀ ਹਾਜ਼ਰੀ ਵਿੱਚ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਆਗੂਆਂ ਨੇ ਤਹਿਸੀਲ ਦੇ ਸਮੂਹ ਨੰਬਰਦਾਰਾਂ ਨੂੰ ਛੱਬੀ ਜੁਲਾਈ ਨੂੰ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਨੰਬਰਦਾਰਾਂ ਨੇ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਤਰਲੋਚਨ ਸਿੰਘ ਧਨੇਰ, ਨਿਰਮਲ ਸਿੰਘ, ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜ਼ਰ ਸਨ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ; ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ,









Users Today : 13
Users Yesterday : 92
Users Last 7 days : 640