ਸ਼ਹੀਦਾਂ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਲੋੜ: ਡਾ. ਰਾਕੇਸ਼ ਜਿੰਦਲ
ਬਰਨਾਲਾ ਬਿਊਰੋ 24 ਮਾਰਚ
ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਸ਼ਹੀਦ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰਦਿਆਂ ਐੱਸਐੱਸਡੀ ਕਾਲਜ ਬਰਨਾਲਾ ਦੇ ਸੋਸ਼ਲ ਸਾਇੰਸ ਵਿਭਾਗ ਵਲੋਂ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ’ਚ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸਮਾਗਮ ਦਾ ਆਗਾਜ਼ ਸ਼ਹੀਦਾਂ ਦੀਆਂ ਤਸਵੀਰਾਂ ‘ਤੇ ਫੁੱਲ ਮਾਲਾਵਾਂ ਭੇਂਟ ਕਰਕੇ ਤੇ ਉਨ੍ਹਾਂ ਦੀ ਲਾਮਿਸਾਲ ਕੁਰਬਾਨੀ ਨੂੰ ਨਮਨ ਕਰਦਿਆਂ ਕੀਤਾ ਗਿਆ। ਸਮਾਗਮ ਦੌਰਾਨ ਮੁਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਸ਼ਹੀਦਾਂ ਦੇ ਜੀਵਨ ਦਰਸ਼ਨ ਤੇ ਉਨ੍ਹਾਂ ਦੀ ਇਨਕਲਾਬੀ ਸੋਚ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਨਾ ਸਿਰਫ਼ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਦੇਖਿਆ ਸੀ। ਸਗੋਂ ਉਹ ਇਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ। ਜਿਥੇ ਲੁੱਟ-ਖਸੁੱਟ ਨਾ ਹੋਵੇ। ਡਾ. ਜਿੰਦਲ ਨੇ ਵਿਿਦਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸਲ ਸ਼ਰਧਾਂਜਲੀ ਇਹੀ ਹੋਵੇਗੀ ਜੇਕਰ ਅਸੀਂ ਉਨ੍ਹਾਂ ਦੇ ਉੱਚ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਈਏ ਤੇ ਦੇਸ਼ ਦੀ ਤਰੱਕੀ ਤੇ ਸਮਾਜਿਕ ਸੁਧਾਰਾਂ ’ਚ ਆਪਣਾ ਬਣਦਾ ਯੋਗਦਾਨ ਪਾਈਏ। ਸਮਾਗਮ ਦੇ ਅਖੀਰ ’ਚ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਸਮੂਹ ਸਟਾਫ ਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਦਿਹਾੜੇ ਸਾਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਦੇ ਹਨ। ਇਸ ਲਈ ਸਾਨੂੰ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਤਤਪਰ ਰਹਿਣਾ ਚਾਹੀਦਾ ਹੈ। ਇਸ ਸਮਾਗਮ ਨੇ ਵਿਦਿਆਰਥੀਆਂ ’ਚ ਰਾਸ਼ਟਰੀ ਚੇਤਨਾ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ।
ਵਿਦਿਆਰਥੀਆਂ ਦੀਆਂ ਕਲਾਤਮਕ ਪੇਸ਼ਕਾਰੀਆਂ ਨੇ ਮੋਹਿਆ ਮਨ
ਸਮਾਗਮ ਦੌਰਾਨ ਵਿਦਿਆਰਥੀਆਂ ਅੰਦਰ ਦੇਸ਼-ਭਗਤੀ ਦਾ ਜ਼ਜ਼ਬਾ ਸਾਫ਼ ਦੇਖਣ ਨੂੰ ਮਿਲਿਆ। ਵਿਦਿਆਰਥੀ ਹਰਸ਼ਿਤ, ਜਸ਼ਨਪ੍ਰੀਤ ਕੌਰ, ਸੁਨੀਤਾ, ਅਮਨਦੀਪ ਤੇ ਸੋਮਨਾਥ ਨੇ ਜੋਸ਼ੀਲੇ ਭਾਸ਼ਣਾਂ ਤੇ ਰੂਹਾਨੀ ਕਵਿਤਾਵਾਂ ਰਾਹੀਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਜਿਸ ਨਾਲ ਪੂਰਾ ਹਾਲ ‘ਇਨਕਲਾਬ ਜ਼ਿੰਦਾਬਾਦ‘ ਦੇ ਅਹਿਸਾਸ ਨਾਲ ਗੂੰਜ ਉੱਠਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਇਕ ਟੀਮ ਵਲੋਂ ਪੇਸ਼ ਕੀਤੀ ਗਈ ਵਿਸ਼ੇਸ਼ ਕੋਰੀਓਗ੍ਰਾਫੀ ਨੇ ਸ਼ਹੀਦਾਂ ਦੇ ਜੀਵਨ ਸੰਘਰਸ਼ ਤੇ ਜੇਲ੍ਹ ਦੇ ਦਿਨਾਂ ਦੇ ਦ੍ਰਿਸ਼ਾਂ ਨੂੰ ਸਟੇਜ ‘ਤੇ ਜੀਵੰਤ ਕਰ ਦਿੱਤਾ। ਜਿਸ ਨੇ ਹਾਜ਼ਰੀਨ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਨਕਲਾਬੀ ਵਿਚਾਰਧਾਰਾ ਤੇ ਰਾਸ਼ਟਰੀ ਜਾਗਰੂਕਤਾ
ਵਿਭਾਗ ਦੇ ਪ੍ਰੋਫੈਸਰ ਜਸਨਪ੍ਰੀਤ ਕੌਰ ਤੇ ਪ੍ਰੋਫੈਸਰ ਮਨਦੀਪ ਸਿੰਘ ਨੇ ਵਿਿਦਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰ ਅੱਜ ਦੇ ਦੌਰ ’ਚ ਵੀ ਪਹਿਲਾਂ ਵਾਂਗ ਹੀ ਪ੍ਰਸੰਗਿਕ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਤੇ ਬੌਧਿਕ ਤੌਰ ‘ਤੇ ਮਜ਼ਬੂਤ ਹੋਣ ਦਾ ਸੱਦਾ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਸਰਬਜੀਤ ਕੌਰ ਨੇ ਬਹੁਤ ਹੀ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਜਿਨ੍ਹਾਂ ਨੇ ਇਤਿਹਾਸਕ ਤੱਥਾਂ ਨਾਲ ਸਮਾਗਮ ਦੀ ਲੜੀ ਨੂੰ ਜੋੜੀ ਰੱਖਿਆ।








Users Today : 6
Users Yesterday : 26
Users Last 7 days : 231