ਕੇਂਦਰੀ ਬਿਊਰੋ
ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਅਪਣਾਈ ਜਾ ਰਹੀ ਢਿੱਲੀ ਅਤੇ ਸੁਸਤ ਕਾਰਗੁਜ਼ਾਰੀ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਨਿਰਾਸ਼ਾ ਅਤੇ ਰੋਸ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵਿਭਾਗ ਨੇ ਪਿਛਲੇ ਹਫ਼ਤੇ ਬਦਲੀਆਂ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਸਨ, ਪਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰਨ ਕਰ ਲਈ ਗਈ ਹੈ। ਪ੍ਰਭਾਵਿਤ ਅਧਿਆਪਕ ਹੁਣ ਬਦਲੀਆਂ ਦੇ ਅਗਲੇ ਗੇੜ ਦੇ ਜਨਤਕ ਨੋਟਿਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਪਰ ਵਿਭਾਗ ਵੱਲੋਂ ਨਾ ਤਾਂ ਅਗਲਾ ਗੇੜ ਸ਼ੁਰੂ ਕੀਤਾ ਗਿਆ ਹੈ ਅਤੇ ਨਾ ਹੀ ਸਟੇਸ਼ਨ ਦੀ ਚੋਣ ਸਬੰਧੀ ਕੋਈ ਨਵੀਂ ਸੂਚਨਾ ਸਾਂਝੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਤੈਅਸ਼ੁਦਾ ਸਮਾਂ ਸਾਰਣੀ ਮੁਤਾਬਕ ਦੋ ਜੁਲਾਈ ਤੱਕ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਆਪਣੇ-ਆਪਣੇ ਜ਼ਿਲ੍ਹੇ ਦੇ ਅਧਿਆਪਕਾਂ ਤੋਂ ਬਦਲੀਆਂ ਸਬੰਧੀ ਇਤਰਾਜ਼ ਪ੍ਰਾਪਤ ਕਰਨੇ ਸਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਮਹਿਜ਼ ਇੱਕ-ਦੋ ਜ਼ਿਲ੍ਹਿਆਂ ਦੇ ਅਫ਼ਸਰਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਅੱਜ ਤੱਕ ਇਹ ਪੱਤਰ ਅਤੇ ਸੂਚੀਆਂ ਆਪਣੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਭੇਜੀਆਂ ਹੀ ਨਹੀਂ ਹਨ। ਨਿਯਮਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਇਨ੍ਹਾਂ ਪ੍ਰਾਪਤ ਹੋਏ ਇਤਰਾਜ਼ਾਂ ਦਾ ਇਕੱਤਰੀਕਰਨ ਕਰਕੇ ਪੰਜ ਜੁਲਾਈ ਤੱਕ ਮੁੱਖ ਦਫ਼ਤਰ ਭੇਜਣਾ ਸੀ, ਪਰ ਜਦੋਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੂਚੀਆਂ ਹੀ ਜਾਰੀ ਨਹੀਂ ਹੋਈਆਂ, ਤਾਂ ਇਹ ਪ੍ਰਕਿਰਿਆ ਸਮੇਂ ਸਿਰ ਪੂਰੀ ਹੋਣੀ ਬਿਲਕੁਲ ਅਸੰਭਵ ਨਜ਼ਰ ਆ ਰਹੀ ਹੈ। ਅਧਿਆਪਕ ਜਥੇਬੰਦੀਆਂ ਅਤੇ ਆਮ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਰਵੱਈਏ ਤੋਂ ਸਿੱਖਿਆ ਵਿਭਾਗ ਦੀ ਨਾਕਾਮੀ ਅਤੇ ਸੁਸਤੀ ਸਾਫ਼ ਝਲਕਦੀ ਹੈ, ਜਿਸ ਕਾਰਨ ਹਜ਼ਾਰਾਂ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਵਿਭਾਗ ਦੇ ਇਸ ਗੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਜਿੱਥੇ ਅਧਿਆਪਕਾਂ ਦੇ ਘਰੇਲੂ ਅਤੇ ਪੇਸ਼ੇਵਰ ਕਾਰਜ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਸਕੂਲਾਂ ਦੇ ਪ੍ਰਬੰਧਾਂ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਵਿਭਾਗ ਤੁਰੰਤ ਆਪਣੀ ਚੁੱਪੀ ਤੋੜੇ ਅਤੇ ਬਦਲੀਆਂ ਦਾ ਅਗਲਾ ਗੇੜ ਤੇ ਸਟੇਸ਼ਨ ਦੀ ਚੋਣ ਦੀ ਪ੍ਰਕਿਰਿਆ ਜਲਦ ਤੋਂ ਜਲਦ ਸ਼ੁਰੂ ਕਰੇ ਤਾਂ ਜੋ ਅਧਿਆਪਕਾਂ ਦੀ ਖ਼ੱਜਲ-ਖ਼ੁਆਰੀ ਨੂੰ ਰੋਕਿਆ ਜਾ ਸਕੇ। ਅਧਿਆਪਕਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤੇਜ਼ੀ ਨਾਲ ਮੁਕੰਮਲ ਨਾ ਕੀਤਾ, ਤਾਂ ਉਹ ਤਿੱਖੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੀ ਹੋਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਨਸਰਾਲੀ ਨੇੜੇ ਨਵੇਂ ਬਣੇ ਸੂਏ ਵਿੱਚ ਪਾੜ ਪੈਣ ਕਾਰਨ ਸੱਤਰ ਏਕੜ ਝੋਨੇ ਦੀ ਫ਼ਸਲ ਤਬਾਹ, ਕਿਸਾਨਾਂ ‘ਤੇ ਪਿਆ ਭਾਰੀ ਆਰਥਿਕ ਬੋਝ









Users Today : 4
Users Yesterday : 130
Users Last 7 days : 717