ਤਨਖਾਹਾਂ ਨਾ ਮਿਲਣ ਕਾਰਨ ਸਫਾਈ ਸੇਵਕਾਂ ਦੀ ਹੜਤਾਲ ਨੌਵੇਂ ਦਿਨ ਵੀ ਜਾਰੀ, ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰ
ਬਰਨਾਲਾ ਬਿਊਰੋ 28 ਅਪ੍ਰੈਲ
ਭਦੌੜ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀ ਹੜਤਾਲ ਲਗਾਤਾਰ ਨੌਵੇਂ ਦਿਨ ਵੀ ਜਾਰੀ ਰਹੀ ਜਿਸ ਕਾਰਨ ਪੂਰੇ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਹਨ ਅਤੇ ਗੰਦਗੀ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਪ੍ਰਸ਼ਾਸਨ ਹੜਤਾਲ ਖਤਮ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ ਕਿਉਂਕਿ ਸਫਾਈ ਸੇਵਕਾਂ ਦੀ ਪਿਛਲੇ ਕਈ ਮਹੀਨਿਆਂ ਦੀ ਤਨਖਾਹ ਬਕਾਇਆ ਹੈ ਜਿਸ ਦੇ ਵਿਰੋਧ ਵਿੱਚ ਉਹ ਨਗਰ ਕੌਂਸਲ ਦੇ ਮੁੱਖ ਗੇਟ ਦੇ ਸਾਹਮਣੇ ਪੱਕਾ ਧਰਨਾ ਲਗਾ ਕੇ ਬੈਠੇ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਜਸਵੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਐਸਡੀਐਮ ਤਪਾ ਨੇ ਸ਼ਨੀਵਾਰ ਨੂੰ ਉਹਨਾਂ ਨੂੰ ਇਹ ਕਹਿ ਕੇ ਨਗਰ ਕੌਂਸਲ ਦੇ ਗੇਟ ਦੇ ਸਾਹਮਣੇ ਤੋਂ ਕੂੜਾ ਚੁਕਵਾਇਆ ਸੀ ਕਿ ਲੋਕਾਂ ਤੋਂ ਪ੍ਰੋਪਰਟੀ ਟੈਕਸ ਵਸੂਲ ਕਰਕੇ ਸੋਮਵਾਰ ਜਾਂ ਮੰਗਲਵਾਰ ਤੱਕ ਉਹਨਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਜਸਵੀਰ ਸਿੰਘ ਨੇ ਦੋਸ਼ ਲਗਾਇਆ ਕਿ ਸੋਮਵਾਰ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈ ਅਤੇ ਨਾ ਹੀ ਤਨਖਾਹ ਸਬੰਧੀ ਕੋਈ ਠੋਸ ਭਰੋਸਾ ਦਿੱਤਾ ਹੈ ਜਿਸ ਕਾਰਨ ਸਫਾਈ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਮੁੱਖ ਬਾਜ਼ਾਰਾਂ ਵਿੱਚ ਕੂੜਾ ਖਿਲਰਨ ਲੱਗਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਫਾਈ ਸੇਵਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਉਹਨਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਅਤੇ ਹੋਰ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਜਿਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਦੀ ਹੋਵੇਗੀ। ਇਸ ਮਾਮਲੇ ਦੇ ਸਬੰਧ ਵਿੱਚ ਨਗਰ ਕੌਂਸਲ ਦੇ ਪੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੱਕੇ ਸਫਾਈ ਸੇਵਕਾਂ ਦੀ 3 ਮਹੀਨਿਆਂ ਦੀ ਤਨਖਾਹ ਬਕਾਇਆ ਹੈ ਅਤੇ ਕੱਚੇ ਕਰਮਚਾਰੀਆਂ ਦੀ 2 ਮਹੀਨਿਆਂ ਦੀ ਤਨਖਾਹ ਬਕਾਇਆ ਹੈ। ਉਹਨਾਂ ਦੱਸਿਆ ਕਿ ਅਸੀਂ ਅੱਜ ਇਹਨਾਂ ਨੂੰ 1-1 ਮਹੀਨੇ ਦੀ ਤਨਖਾਹ ਲੈਣ ਲਈ ਕਿਹਾ ਸੀ ਪਰੰਤੂ ਸਫਾਈ ਸੇਵਕ ਆਪਣੀ ਪੂਰੀ ਤਨਖਾਹ ਲੈਣ ਦੀ ਮੰਗ ‘ਤੇ ਅੜੇ ਹੋਏ ਹਨ ਜਿਸ ਕਾਰਨ ਸਫਾਈ ਸੇਵਕਾਂ ਨਾਲ ਫਿਲਹਾਲ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਉਹਨਾਂ ਕਿਹਾ ਕਿ ਜਲਦ ਹੀ ਨਗਰ ਕੌਂਸਲ ਵੱਲੋਂ ਸਫਾਈ ਸੇਵਕਾਂ ਦੀਆਂ ਤਨਖਾਹਾਂ ਦਾ ਹੱਲ ਕਰਕੇ ਹੜਤਾਲ ਖਤਮ ਕਰਵਾਈ ਜਾਵੇਗੀ ਅਤੇ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਪਿੰਡ ਧਨੇਰ ਦੇ ਛੇ ਬੱਚਿਆਂ ਨੇ ਵਧਾਇਆ ਇਲਾਕੇ ਦਾ ਮਾਣ; ਨੈਸ਼ਨਲ ਮੁਕਾਬਲਿਆਂ ਵਿੱਚ ਜਿੱਤੇ ਸੋਨੇ ਤੇ ਚਾਂਦੀ ਦੇ ਤਗ਼ਮੇ









Users Today : 3
Users Yesterday : 43
Users Last 7 days : 295