ਬਰਨਾਲਾ ਮਾਰਕੀਟ ਕਮੇਟੀ ਦੇ ਰੇਟਾਂ ਨੇ ਉਡਾਏ ਹੋਸ਼, ਸਿਆਸੀ ਦਖ਼ਲ ਦੇ ਖ਼ਦਸ਼ੇ!
ਸਫਾਈ ਟੈਂਡਰਾਂ ਦੀ ਖੇਡ: ਚਾਰ ਕਮੇਟੀਆਂ ਨੇ ਬਚਾਏ ਸਰਕਾਰੀ ਖ਼ਜ਼ਾਨੇ ਦੇ ਲੱਖਾਂ ਰੁਪਏ, ਬਰਨਾਲਾ ‘ਚ ਫਿਲਹਾਲ ‘ਖਾਨਾਪੂਰਤੀ‘ ਦੀ ਤਿਆਰੀ?
ਸਰਕਾਰੀ ਖ਼ਜ਼ਾਨੇ ਨੂੰ ਲੱਗੇਗਾ ‘ਚੂਨਾ‘ ਜਾਂ ਠੇਕੇਦਾਰਾਂ ਦਾ ਟੁੱਟੇਗਾ ‘ਪੂਲ‘? ਬਰਨਾਲਾ ਮਾਰਕੀਟ ਕਮੇਟੀ ਦੇ ਟੈਂਡਰਾਂ ‘ਤੇ ਸਿਆਸੀ ਪਰਛਾਵਾਂ!
ਬਰਨਾਲਾ ਬਿਊਰੋ 4 ਅਪ੍ਰੈਲ
ਜ਼ਿਲ੍ਹਾ ਬਰਨਾਲਾ ਦੀਆਂ ਪੰਜ ਮਾਰਕੀਟ ਕਮੇਟੀਆਂ ਬਰਨਾਲਾ, ਮਹਿਲ ਕਲਾਂ, ਤਪਾ, ਭਦੌੜ ਤੇ ਧਨੌਲਾ ’ਚ ਅਨਾਜ ਮੰਡੀਆਂ ਦੀ ਸਾਫ-ਸਫਾਈ ਲਈ ਹੋਈ ਟੈਂਡਰ ਪ੍ਰਕਿਰਿਆ ਇਸ ਸਮੇਂ ਪੂਰੇ ਜ਼ਿਲ੍ਹੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਪਰ ਵੱਖ-ਵੱਖ ਮਾਰਕੀਟ ਕਮੇਟੀਆਂ ’ਚ ਠੇਕੇਦਾਰਾਂ ਵਲੋਂ ਭਰੇ ਗਏ ਰੇਟਾਂ ਦੇ ਵੱਡੇ ਫਰਕ ਨੇ ਵਿਭਾਗੀ ਪਾਰਦਰਸ਼ਤਾ ਤੇ ‘ਨਿਰਪੱਖ ਟੈਂਡਰ ਪ੍ਰਕਿਰਿਆ‘ ਦੇ ਦਾਅਵਿਆਂ ‘ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਹੈਰਾਨੀਜਨਕ ਤੱਥ ਇਹ ਹਨ ਕਿ ਜ਼ਿਲ੍ਹੇ ਦੀਆਂ ਚਾਰ ਮਾਰਕੀਟ ਕਮੇਟੀਆਂ ’ਚ ਠੇਕੇਦਾਰਾਂ ਨੇ ਸਰਕਾਰੀ ਰੇਟਾਂ ਨਾਲੋਂ ਅੱਧੇ ਤੋਂ ਵੀ ਘੱਟ ਰੇਟਾਂ ‘ਤੇ ਕੰਮ ਕਰਨ ਦੀ ਸਹਿਮਤੀ ਜਤਾਈ ਹੈ। ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਡੀਨ ਪਾਲ ਅਨੁਸਾਰ ਇਥੇ ਟੈਂਡਰ ਸਭ ਤੋਂ ਵੱਧ 62 ਫੀਸਦੀ ਘੱਟ ਰੇਟ ‘ਤੇ ਹੋਇਆ ਹੈ। ਇਸੇ ਤਰ੍ਹਾਂ ਧਨੌਲਾ ਦੇ ਸਕੱਤਰ ਮਨਪ੍ਰੀਤ ਸਿੰਘ ਨੇ 58.92 ਫੀਸਦੀ ਤੇ ਤਪਾ ਤੇ ਭਦੌੜ ਦੇ ਸਕੱਤਰ ਹਰਦੀਪ ਸਿੰਘ ਨੇ ਕ੍ਰਮਵਾਰ 52 ਫੀਸਦੀ ਤੇ 50 ਫੀਸਦੀ ਘੱਟ ਰੇਟ ਆਉਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਅੰਕੜਿਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਮੁਕਾਬਲਾ ਸਹੀ ਹੋਵੇ ਤਾਂ ਸਰਕਾਰੀ ਖ਼ਜ਼ਾਨੇ ਦੀ ਵੱਡੀ ਬੱਚਤ ਹੋ ਸਕਦੀ ਹੈ। ਦੂਜੇ ਪਾਸੇ ਜ਼ਿਲ੍ਹੇ ਦੀ ਸਭ ਤੋਂ ਮਹੱਤਵਪੂਰਨ ‘ਮਾਰਕੀਟ ਕਮੇਟੀ ਬਰਨਾਲਾ‘ ’ਚ ਤਸਵੀਰ ਬਿਲਕੁਲ ਉਲਟ ਹੈ। ਇਥੇ ਠੇਕੇਦਾਰਾਂ ਵਲੋਂ ਭਰਿਆ ਗਿਆ ਰੇਟ ਮਹਿਜ਼ 8 ਫੀਸਦੀ ਘੱਟ ਹੈ। ਜਾਣਕਾਰਾਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਜ਼ਿਲ੍ਹੇ ਦੀਆਂ ਹੀ ਗੁਆਂਢੀ ਕਮੇਟੀਆਂ ’ਚ ਠੇਕੇਦਾਰ 60 ਫੀਸਦੀ ਘੱਟ ਰੇਟ ‘ਤੇ ਕੰਮ ਕਰਨ ਲਈ ਤਿਆਰ ਹਨ ਤਾਂ ਬਰਨਾਲਾ ’ਚ ਸਿਰਫ 8 ਫੀਸਦੀ ਦਾ ਫਰਕ ਰਹਿਣਾ ਕਿਸੇ ਵੱਡੇ ‘ਪੂਲ‘ ਜਾਂ ਸਿਆਸੀ ਪੁਸ਼ਤਪਨਾਹੀ ਵੱਲ ਇਸ਼ਾਰਾ ਕਰਦਾ ਹੈ। ਚਰਚਾ ਹੈ ਕਿ ਕੀ ਬਰਨਾਲਾ ’ਚ ਜਾਣਬੁਝ ਕੇ ਮੁਕਾਬਲਾ ਖ਼ਤਮ ਕਰਕੇ ਕਿਸੇ ਖ਼ਾਸ ਧਿਰ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਜ਼ਿਲ੍ਹਾ ਮੰਡੀ ਅਫਸਰ ਬਰਿੰਦਰ ਸਿੰਘ ਨੇ ਇਸ ਮਾਮਲੇ ‘ਤੇ ਕਿਹਾ ਕਿ ਟੈਂਡਰ ਪ੍ਰਕਿਰਿਆ ਪੂਰੀ ਤਰ੍ਹਾਂ ‘ਆਨਲਾਈਨ‘ ਤੇ ਪਾਰਦਰਸ਼ੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੀ ਕਾਰਵਾਈ ਵਿਭਾਗੀ ਨਿਯਮਾਂ ਅਨੁਸਾਰ ਹੀ ਅਮਲ ’ਚ ਲਿਆਂਦੀ ਜਾ ਰਹੀ ਹੈ। ਹੁਣ ਸਾਰੀਆਂ ਨਜ਼ਰਾਂ ਬਰਨਾਲਾ ਮਾਰਕੀਟ ਕਮੇਟੀ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਕੀ ਵਿਭਾਗ ਠੇਕੇਦਾਰਾਂ ਦੇ ‘ਪੂਲ‘ ਨੂੰ ਤੋੜ ਕੇ ਪਾਰਦਰਸ਼ਤਾ ਦਿਖਾਏਗਾ ਜਾਂ ਫਿਰ ਬਰਨਾਲਾ ਮੰਡੀ ਦਾ ਟੈਂਡਰ ਮਹਿੰਗੇ ਭਾਅ ‘ਤੇ ਹੀ ਨੇਪਰੇ ਚੜ੍ਹੇਗਾ। ਇਹ ਆਉਣ ਵਾਲੇ ਦਿਨਾਂ ’ਚ ਸਾਫ਼ ਹੋ ਜਾਵੇਗਾ। ਪੂਰੇ ਇਲਾਕੇ ਦੇ ਲੋਕ ਇਸ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।

ਬਰਨਾਲਾ ਦਾ ਟੈਂਡਰ ਪੈਡਿੰਗ, ਕੀ 50-60 ਫੀਸਦੀ ਹੋਵੇਗਾ ਘੱਟ
ਇਸ ਵਿਵਾਦ ਦੇ ਚੱਲਦਿਆਂ ਮਾਰਕੀਟ ਕਮੇਟੀ ਬਰਨਾਲਾ ਦਾ ਟੈਂਡਰ ਫਿਲਹਾਲ ਪੈਂਡਿੰਗ ਰੱਖ ਦਿੱਤਾ ਗਿਆ ਹੈ। ਸਕੱਤਰ ਜਸਮਨਪ੍ਰੀਤ ਸਿੰਘ ਵਲੋਂ ਸਬੰਧਤ ਠੇਕੇਦਾਰ ਨੂੰ ਇਕ ਪੱਤਰ ਜਾਰੀ ਕਰਕੇ ਰੇਟ ਹੋਰ ਘਟਾਉਣ ਲਈ ਕਿਹਾ ਗਿਆ ਹੈ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਹ ਸਿਰਫ 15-20 ਫੀਸਦੀ ਤਕ ਦੀ ‘ਖਾਨਾਪੂਰਤੀ‘ ਹੋਵੇਗੀ ਜਾਂ ਫਿਰ ਹੋਰਨਾਂ ਕਮੇਟੀਆਂ ਵਾਂਗ ਰੇਟਾਂ ਨੂੰ 50-60 ਫੀਸਦੀ ਤੋਂ ਹੇਠਾਂ ਲਿਆ ਕੇ ਸਰਕਾਰੀ ਪੈਸੇ ਦੀ ਅਸਲ ਬੱਚਤ ਕੀਤੀ ਜਾਵੇਗੀ।
ਸਵਾਲਾਂ ਦੇ ਘੇਰੇ ’ਚ ਵਿਭਾਗੀ ‘ਖਾਨਾਪੂਰਤੀ‘ ਤੇ ਜਨਤਕ ਪੈਸੇ ਦੀ ਬਰਬਾਦੀ
ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਜਿਥੇ ਜ਼ਿਲ੍ਹੇ ਦੀਆਂ ਬਾਕੀ ਚਾਰ ਕਮੇਟੀਆਂ ’ਚ ਠੇਕੇਦਾਰਾਂ ਨੇ ਸਰਕਾਰੀ ਖ਼ਜ਼ਾਨੇ ਦੇ ਲੱਖਾਂ ਰੁਪਏ ਬਚਾਏ ਹਨ। ਉੱਥੇ ਬਰਨਾਲਾ ਮਾਰਕੀਟ ਕਮੇਟੀ ’ਚ ਮਹਿਜ਼ 8 ਫੀਸਦੀ ਦੀ ‘ਮਾਮੂਲੀ‘ ਛੋਟ ਨੇ ਕਈ ਸ਼ੰਕੇ ਪੈਦਾ ਕਰ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਨੇ ਸਿਰਫ਼ 15-20 ਫੀਸਦੀ ਰੇਟ ਘਟਾ ਕੇ ਇਸ ਟੈਂਡਰ ਨੂੰ ਹਰੀ ਝੰਡੀ ਦੇ ਦਿੱਤੀ ਤਾਂ ਇਹ ਹੋਰਨਾਂ ਕਮੇਟੀਆਂ ’ਚ 50-60 ਫੀਸਦੀ ਘੱਟ ਰੇਟ ‘ਤੇ ਕੰਮ ਕਰਨ ਵਾਲੇ ਠੇਕੇਦਾਰਾਂ ਨਾਲ ਵੀ ਮਜ਼ਾਕ ਹੋਵੇਗਾ ਤੇ ਸਰਕਾਰੀ ਪਾਰਦਰਸ਼ਤਾ ਦੇ ਦਾਅਵਿਆਂ ਦੀ ਫੂਕ ਵੀ ਨਿਕਲ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਉੱਚ ਅਧਿਕਾਰੀ ਬਰਨਾਲਾ ਦੇ ਇਸ ‘ਖਾਸ‘ ਟੈਂਡਰ ਉੱਪਰ ਕੋਈ ਸਖ਼ਤ ਸਟੈਂਡ ਲੈਂਦੇ ਹਨ ਜਾਂ ਫਿਰ ਸਿਆਸੀ ਦਬਾਅ ਹੇਠ ਇਸ ਨੂੰ ‘ਗੋਲ-ਮੋਲ‘ ਕਰਕੇ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ
| 6 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਡੀਸੀ ਦਫਤਰਾਂ ਅੱਗੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ: ਭਾਕਿਯੂ ਡਕੌਂਦਾ |








Users Today : 25
Users Yesterday : 50
Users Last 7 days : 264