ਬਰਨਾਲਾ ਬਿਊਰੋ 24 ਮਾਰਚ
ਤਰਨਤਾਰਨ ਦੀ ਧਰਤੀ ਤੇ 20 ਤੋਂ 22 ਮਾਰਚ ਤਕ ਆਯੋਜਿਤ ਹੋਈ 7ਵੀਂ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ-2026 ਬੜੀ ਸ਼ਾਨੋ-ਸ਼ੌਕਤ ਤੇ ਯਾਦਗਾਰੀ ਪੈੜਾਂ ਛੱਡਦੀ ਹੋਈ ਸਮਾਪਤ ਹੋ ਗਈ। ਇਸ ਰਾਜ ਪੱਧਰੀ ਮੁਕਾਬਲੇ ’ਚ ਬਰਨਾਲਾ ਜ਼ਿਲ੍ਹੇ ਦੇ ਮੁਕੇਬਾਜ਼ਾਂ ਨੇ ਆਪਣੀ ਤਾਕਤ ਤੇ ਤਕਨੀਕ ਦਾ ਲੋਹਾ ਮਨਵਾਉਂਦਿਆਂ ਮੈਦਾਨ ਫਤਹਿ ਕੀਤਾ ਤੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ’ਚ ਰੌਸ਼ਨ ਕੀਤਾ। ਬਰਨਾਲਾ ਦੇ ਬਾਕਸਿੰਗ ਹਲਕਿਆਂ ’ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ। ਜਦੋਂ ਹੋਣਹਾਰ ਖਿਡਾਰੀ ਸਹਿਜਦੀਪ ਜੇਠੀ ਨੇ 50 ਕਿਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ’ਚ ਵਿਰੋਧੀ ਨੂੰ ਚਿੱਤ ਕਰਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇਸ ਸ਼ਾਨਦਾਰ ਜਿੱਤ ਨਾਲ ਸਹਿਜਦੀਪ `ਪੰਜਾਬ ਸਟੇਟ ਚੈਂਪੀਅਨ ਬਣ ਗਿਆ ਹੈ। ਕੋਚ ਗੁਰਦਿਤ ਪੁਰੀ ਤੇ ਕੋਚ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਸਹਿਜਦੀਪ ਦੀ ਚੋਣ ਹੁਣ ਰਾਸ਼ਟਰੀ ਪੱਧਰ ਲਈ ਹੋ ਗਈ ਹੈ। ਉਹ 5 ਅਪ੍ਰੈਲ ਤੋਂ 11 ਅਪ੍ਰੈਲ ਤਕ ਨਾਗਪੁਰ (ਮਹਾਰਾਸ਼ਟਰ) ਵਿਖੇ ਹੋਣ ਵਾਲੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੀ ਨੁਮਾਇੰਦਗੀ ਕਰੇਗਾ। ਸੋਨੇ ਦੇ ਤਗਮੇ ਤੋਂ ਇਲਾਵਾ ਬਰਨਾਲਾ ਦੀ ਝੋਲੀ ’ਚ ਹੋਰ ਵੀ ਕਈ ਸਨਮਾਨ ਪਏ। ਟੀਮ ਦੇ ਕੋਚਾਂ ਨੇ ਜਾਣਕਾਰੀ ਦਿੱਤੀ ਕਿ ਬਾਕਸਰ ਗੁਰਵਿੰਦਰ ਸਿੰਘ ਨੇ ਆਪਣੀ ਖੇਡ ਦਾ ਉੱਤਮ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਧੀਰਜ ਸਿੰਘ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਕਾਂਸੀ ਦਾ ਤਗਮਾ ਹਾਸਲ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ। ਇਨ੍ਹਾਂ ਖਿਡਾਰੀਆਂ ਦੀ ਸਫਲਤਾ ਨੇ ਸਿੱਧ ਕਰ ਦਿੱਤਾ ਹੈ ਕਿ ਬਰਨਾਲਾ ਬਾਕਸਿੰਗ ਦਾ ਗੜ੍ਹ ਬਣਦਾ ਜਾ ਰਿਹਾ ਹੈ।
ਨੌਜਵਾਨ ਦੇਸ਼ ਦਾ ਸਰਮਾਇਆ: ਅਰੀਹੰਤ ਕੁਮਾਰ
ਇਸ ਮੌਕੇ ਇੰਟਰਨੈਸ਼ਨਲ ਬਾਕਸਿੰਗ ਕੋਚ ਅਰੀਹੰਤ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਸਭ ਤੋਂ ਕੀਮਤੀ ਸਰਮਾਇਆ ਹਨ। ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਤਿਆਗ ਕੇ ਖੇਡ ਮੈਦਾਨਾਂ ਨਾਲ ਜੁੜਨ। ਉਨ੍ਹਾਂ ਕਿਹਾ ਕਿ ਬਾਕਸਿੰਗ ਵਰਗੀਆਂ ਖੇਡਾਂ ਨਾ ਸਿਰਫ਼ ਸਰੀਰਕ ਬਲ ਬਲਕਿ ਮਾਨਸਿਕ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ। ਜਿਸ ਨਾਲ ਖਿਡਾਰੀ ਅੰਤਰਰਾਸ਼ਟਰੀ ਪੱਧਰ `ਤੇ ਦੇਸ਼ ਦਾ ਤਿਰੰਗਾ ਲਹਿਰਾ ਸਕਦੇ ਹਨ।
ਖੇਡ ਪ੍ਰੇਮੀਆਂ ਵਲੋਂ ਵਧਾਈਆਂ ਦਾ ਤਾਂਤਾ
ਬਰਨਾਲਾ ਦੇ ਪ੍ਰਸਿੱਧ ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ ਹੈਪੀ ਨੇ ਵੀ ਖਿਡਾਰੀਆਂ ਦੀ ਇਸ ਉਪਲਬਧੀ `ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਬਰਨਾਲਾ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ, ਕੋਚ ਤੇ ਖਿਡਾਰੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਖੇਡ ਪ੍ਰੇਮੀਆਂ ਨੇ ਉਮੀਦ ਜਤਾਈ ਹੈ ਕਿ ਸਹਿਜਦੀਪ ਨੈਸ਼ਨਲ ਪੱਧਰ `ਤੇ ਵੀ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਚਮਕਾਏਗਾ। ਇਸ ਦੌਰਾਨ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਬਰਨਾਲਾ ਵਿਖੇ ਜਥੇਦਾਰ ਸੰਤ ਬਾਬਾ ਟੇਕ ਸਿੰਘ ਜੀ ਦਾ ਦੌਰਾ, ਪੰਥ ਦੀ ਚੜ੍ਹਦੀ ਕਲਾ ਲਈ ਬਾਣੀ ਨਾਲ ਜੁੜਨ ਦਾ ਸੰਦੇਸ਼








Users Today : 6
Users Yesterday : 26
Users Last 7 days : 231