ਗੁਰਦਾਸਪੁਰ ਬਿਊਰੋ:
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਚੋੜ ਸਿੱਧਵਾਂ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਿੰਡ ਦੇ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਸਰਪੰਚ ਦੇ ਘਰ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਅਤੇ ਉਸ ਨੇ ਅਚਾਨਕ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਸਰਪੰਚ ਦੇ ਘਰ ਦੇ ਮੁੱਖ ਗੇਟ ਉੱਤੇ ਦੋ ਗੋਲੀਆਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਹਨ, ਜਦਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਦੌਰਾਨ ਉੱਥੋਂ ਚਾਰ ਚੱਲੇ ਹੋਏ ਕਾਰਤੂਸਾਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੀੜਤ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਦੇ ਕਰੀਬ ਬਾਰਾਂ ਵਜੇ ਆਪਣੇ ਘਰ ਪਰਤੇ ਸਨ ਅਤੇ ਉਸ ਤੋਂ ਬਾਅਦ ਕਰੀਬ ਡੇਢ ਵਜੇ ਦੇ ਆਸ-ਪਾਸ ਉਨ੍ਹਾਂ ਨੂੰ ਘਰ ਦੇ ਬਾਹਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਸਨ, ਪਰ ਉਸ ਸਮੇਂ ਉਨ੍ਹਾਂ ਨੇ ਇਸ ਨੂੰ ਆਮ ਗੱਲ ਸਮਝ ਕੇ ਅਣਗੌਲਿਆ ਕਰ ਦਿੱਤਾ ਕਿ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੋਵੇਗਾ, ਪਰ ਜਦੋਂ ਸਵੇਰੇ ਉਹ ਉੱਠ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਘਰ ਦੇ ਗੇਟ ‘ਤੇ ਗੋਲੀਆਂ ਦੇ ਨਿਸ਼ਾਨ ਅਤੇ ਅੰਦਰ ਗੋਲੀਆਂ ਦੇ ਖੋਲ ਨਜ਼ਰ ਆਏ, ਜਿਸ ਤੋਂ ਬਾਅਦ ਤੁਰੰਤ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਰਪੰਚ ਅਨੁਸਾਰ ਉਨ੍ਹਾਂ ਨੂੰ ਕਦੇ ਵੀ ਕੋਈ ਫਿਰੌਤੀ ਦੀ ਕਾਲ ਨਹੀਂ ਆਈ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਕੋਈ ਅਜਿਹੀ ਦੁਸ਼ਮਣੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉਪ ਕਪਤਾਨ ਸ਼ਾਹਬਾਜ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਪੂਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਆਲੇ-ਦੁਆਲੇ ਦੇ ਘਰਾਂ ਅਤੇ ਰਸਤਿਆਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
ਹੋਰ ਤਾਜ਼ਾ ਖਬਰਾਂ ਲਈ ਖੁੱਲੀਆਂ ਅੱਖਾਂ ਤੇ ਕਲਿੱਕ ਕਰੋ।
| ਅੰਬਾਲਾ ਦੇ ਪਿੰਡ ਧਨਿਓਡਾ ਵਿੱਚ ੨੨੦ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ੪ ਸਾਲਾ ਮਾਸੂਮ, ਫੌਜ ਅਤੇ ਐਨਡੀਆਰਐਫ ਵੱਲੋਂ ਯੁੱਧ ਪੱਧਰ ‘ਤੇ ਬਚਾਅ ਕਾਰਜ ਜਾਰੀ |









Users Today : 4
Users Yesterday : 17
Users Last 7 days : 524