Home » ਪ੍ਰਮੁੱਖ ਖ਼ਬਰਾਂ » ਬਰਨਾਲਾ ਦੇ ਪਿੰਡ ਫਰਵਾਹੀ ‘ਚ ਵਾਪਰਿਆ ਭਿਆਨਕ ਹਾਦਸਾ: ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ, ਇਕ ਦੀ ਭਾਲ ਜਾਰੀ

ਬਰਨਾਲਾ ਦੇ ਪਿੰਡ ਫਰਵਾਹੀ ‘ਚ ਵਾਪਰਿਆ ਭਿਆਨਕ ਹਾਦਸਾ: ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ, ਇਕ ਦੀ ਭਾਲ ਜਾਰੀ

ਗੁਰਮੀਤ ਸਿੰਘ ਬਰਨਾਲਾ/ਮਨੋਜ ਸ਼ਰਮਾ
[responsivevoice_button voice="Hindi Male"]

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਫਰਵਾਹੀ ਵਿਖੇ ਐਤਵਾਰ ਤੜਕਸਾਰ ਇਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ। ਜਿਥੇ ਜੈੱਕ ਦੀ ਮਦਦ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਅਚਾਨਕ ਜ਼ਮੀਨਦੋਜ਼ ਹੋ ਗਿਆ। ਇਸ ਹਾਦਸੇ ਦੌਰਾਨ ਮਲਬੇ ਹੇਠਾਂ ਦੱਬਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਜਦਕਿ ਇਕ ਹੋਰ ਮਜ਼ਦੂਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਕਈ ਘੰਟਿਆਂ ਤੋਂ ਜਾਰੀ ਹੈ। ਮਕਾਨ ਡਿੱਗਣ ਦਾ ਖੜਾਕ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤਕ ਸੁਣਾਈ ਦਿੱਤੀ। ਜਿਸ ਨਾਲ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਨਿਵਾਸੀ ਵਿਸ਼ਾਲ ਪੁੱਤਰ ਸਵਰਗੀ ਜੀਵਨ ਕੁਮਾਰ ਦੇ ਮਕਾਨ ਦੀਆਂ ਕੰਧਾਂ ਸੀਵਰੇਜ ਦਾ ਪਾਣੀ ਪੈਣ ਕਾਰਨ ਇਕ ਪਾਸੇ ਤੋਂ ਬੈਠ ਗਈਆਂ ਸਨ। ਇਸ ਦੀ ਮੁਰੰਮਤ ਲਈ ਮੋਗਾ ਦੇ ਰਣਜੀਤ ਠੇਕੇਦਾਰ ਵਲੋਂ ਜੈੱਕ ਲਗਾ ਕੇ ਘਰ ਨੂੰ ਉੱਚਾ ਚੁੱਕਣ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਐਤਵਾਰ ਸਵੇਰੇ ਕਰੀਬ 4:15 ਵਜੇ ਜਦੋਂ ਮਕਾਨ ਅੰਦਰ ਚਾਰ ਮਜ਼ਦੂਰ ਸੁੱਤੇ ਹੋਏ ਸਨ ਤਾਂ ਅਚਾਨਕ ਇਕ ਪਾਸੇ ਦੀ ਕੰਧ ਝੁਕਣ ਕਾਰਨ ਪੂਰਾ ਲੈਂਟਰ ਤੇ ਇਮਾਰਤ ਉਨ੍ਹਾਂ ਦੇ ਉੱਪਰ ਆ ਡਿੱਗੀ।
ਪਿੰਡ ਵਾਸੀਆਂ ਨੇ ਦਿਖਾਈ ਮਨੁੱਖਤਾ, ਪ੍ਰਸ਼ਾਸਨ ਨੂੰ ਦਿੱਤੀ ਸੂਚਨਾ
ਹਾਦਸੇ ਤੋਂ ਤੁਰੰਤ ਬਾਅਦ ਪਿੰਡ ਵਾਸੀ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਥਾਨਕ ਗੁਰਦੁਆਰਾ ਸਾਹਿਬ ਤੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾਈ ਗਈ ਤਾਂ ਜੋ ਵੱਧ ਤੋਂ ਵੱਧ ਲੋਕ ਮਦਦ ਲਈ ਪਹੁੰਚ ਸਕਣ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਡਿਊਟੀ ਅਫ਼ਸਰ ਕੁਲਵੰਤ ਸਿੰਘ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪਹੁੰਚੇ ਤੇ ਜੇਸੀਬੀ ਮਸ਼ੀਨਾਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਗਏ।
ਤਿੰਨ ਮਜ਼ਦੂਰਾਂ ਦੀ ਮੌਤ, ਚੌਥੇ ਦੀ ਭਾਲ ਜਾਰੀ
ਮਲਬੇ ਹੇਠੋਂ ਕੱਢੇ ਗਏ ਮਜ਼ਦੂਰਾਂ ’ਚੋਂ ਤਿੰਨ ਦੀ ਪਛਾਣ ਬੋਬੀ ਸਿੰਘ, ਪ੍ਰਿੰਸ ਤੇ ਗੁਰਜੀਤ ਸਿੰਘ ਵਾਸੀਆਨ ਮੋਗਾ ਵਜੋਂ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਇਕ ਮਜ਼ਦੂਰ ਮਲਬੇ ਦੇ ਹੇਠੋਂ ਬਚਾਓ-ਬਚਾਓ ਦੀਆਂ ਆਵਾਜ਼ਾਂ ਵੀ ਲਗਾ ਰਿਹਾ ਸੀ। ਪਰ ਜ਼ਿਆਦਾ ਸੱਟਾਂ ਤੇ ਦਮ ਘੁੱਟਣ ਕਾਰਨ ਜਦੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਖ਼ਬਰ ਲਿਖੇ ਜਾਣ ਤਕ ਚੌਥੇ ਮਜ਼ਦੂਰ ਦੀ ਭਾਲ ਲਈ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਸੀ।
ਮਾਮਲੇ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਜਾਂਚ: ਡੀਐੱਸਪੀ
ਉੱਪ ਕਪਤਾਨ ਪੁਲਿਸ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਤਿੰਨ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

0 0 votes
Article Rating
Subscribe
Notify of
guest
0 Comments
Oldest
Newest Most Voted