ਬਰਨਾਲਾ ਬਿਊਰੋ
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਗਈ ਸਖ਼ਤ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਬਰਨਾਲਾ ਨੂੰ ਇੱਕ ਬਹੁਤ ਹੀ ਵੱਡੀ ਸਫ਼ਲਤਾ ਹਾਸਲ ਹੋਈ ਹੈ। ਵਿਜੀਲੈਂਸ ਵਿਭਾਗ ਦੀ ਵਿਸ਼ੇਸ਼ ਟੀਮ ਨੇ ਸਹਿਕਾਰੀ ਸਭਾਵਾਂ ਦੇ ਇੱਕ ਭ੍ਰਿਸ਼ਟ ਇੰਸਪੈਕਟਰ ਨੂੰ ਪੰਜਾਹ ਹਜ਼ਾਰ ਰੁਪਏ ਦੀ ਮੋਟੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਰੰਗੇ ਹੱਥੀਂ ਦਬੋਚ ਲਿਆ ਹੈ। ਵਿਜੀਲੈਂਸ ਬਿਊਰੋ ਬਰਨਾਲਾ ਦੇ ਮੁੱਖ ਜਾਂਚ ਅਧਿਕਾਰੀ ਇੰਸਪੈਕਟਰ ਗੁਰਮੇਲ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਕਾਰੀ ਮੁਲਾਜ਼ਮ ਦੀ ਪਛਾਣ ਹਰਸ਼ ਬਾਂਸਲ ਵਜੋਂ ਹੋਈ ਹੈ ਜੋ ਸਹਿਕਾਰੀ ਸਭਾਵਾਂ ਦੇ ਵਿਭਾਗ ਵਿੱਚ ਬਤੌਰ ਇੰਸਪੈਕਟਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਅਧਿਕਾਰੀਆਂ ਵੱਲੋਂ ਮਿਲੇ ਵੇਰਵਿਆਂ ਮੁਤਾਬਕ ਸਥਾਨਕ ਨਿਵਾਸੀ ਸ਼ਿਕਾਇਤਕਰਤਾ ਜੰਗ ਸਿੰਘ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚ ਕੇ ਮੁਲਜ਼ਮ ਖ਼ਿਲਾਫ਼ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਵਿਰੁੱਧ ਚੱਲ ਰਹੀ ਇੱਕ ਵਿਭਾਗੀ ਪੜਤਾਲ ਦਾ ਮਾਮਲਾ ਇੰਸਪੈਕਟਰ ਹਰਸ਼ ਬਾਂਸਲ ਕੋਲ ਸੁਣਵਾਈ ਅਧੀਨ ਸੀ। ਇਸ ਜਾਂਚ ਰਿਪੋਰਟ ਨੂੰ ਸ਼ਿਕਾਇਤਕਰਤਾ ਜੰਗ ਸਿੰਘ ਦੇ ਪੱਖ ਵਿੱਚ ਭੁਗਤਾਉਣ ਅਤੇ ਮਾਮਲੇ ਨੂੰ ਹਮੇਸ਼ਾ ਲਈ ਰਫ਼ਾ-ਦਫ਼ਾ ਕਰਨ ਦੇ ਬਦਲੇ ਮੁਲਜ਼ਮ ਇੰਸਪੈਕਟਰ ਵੱਲੋਂ ਪਹਿਲਾਂ ਇੱਕ ਲੱਖ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ ਪਰ ਸ਼ਿਕਾਇਤਕਰਤਾ ਵੱਲੋਂ ਕਾਫ਼ੀ ਮਿੰਨਤ-ਤਰਲੇ ਕਰਨ ਅਤੇ ਗਰੀਬੀ ਦਾ ਵਾਸਤਾ ਪਾਉਣ ਤੋਂ ਬਾਅਦ ਮੁਲਜ਼ਮ ਹਰਸ਼ ਬਾਂਸਲ ਪੰਜਾਹ ਹਜ਼ਾਰ ਰੁਪਏ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਸੂਚਿਤ ਕਰ ਦਿੱਤਾ। ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਈ ਵਿਜੀਲੈਂਸ ਟੀਮ ਨੇ ਰਣਨੀਤੀ ਬਣਾ ਕੇ ਦੋ ਸਰਕਾਰੀ ਗਵਾਹਾਂ ਨੂੰ ਨਾਲ ਲਿਆ ਅਤੇ ਬਰਨਾਲਾ ਦੇ ਮਸ਼ਹੂਰ ਫਰਵਾਹੀ ਬਾਜ਼ਾਰ ਵਿੱਚ ਆਪਣਾ ਜਾਲ ਵਿਛਾ ਦਿੱਤਾ। ਵਿਜੀਲੈਂਸ ਟੀਮ ਦੀ ਨਿਗਰਾਨੀ ਹੇਠ ਜਿਵੇਂ ਹੀ ਸ਼ਿਕਾਇਤਕਰਤਾ ਨੇ ਮੁਲਜ਼ਮ ਹਰਸ਼ ਬਾਂਸਲ ਨੂੰ ਰਿਸ਼ਵਤ ਦੀ ਤੈਅ ਕੀਤੀ ਹੋਈ ਰਕਮ ਸੌਂਪੀ ਤਾਂ ਤਿਆਰ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਪੰਜ-ਪੰਜ ਸੌ ਰੁਪਏ ਦੇ ਨੋਟਾਂ ਦੀ ਸ਼ਕਲ ਵਿੱਚ ਪੰਜਾਹ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਮੇਤ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਜਦੋਂ ਮੁਲਜ਼ਮ ਦੇ ਹੱਥ ਰਸਾਇਣਕ ਪਾਣੀ ਨਾਲ ਧੋਤੇ ਗਏ ਤਾਂ ਉਨ੍ਹਾਂ ਦਾ ਰੰਗ ਗੁਲਾਬੀ ਹੋ ਗਿਆ। ਵਿਜੀਲੈਂਸ ਵਿਭਾਗ ਨੇ ਮੁਲਜ਼ਮ ਸਰਕਾਰੀ ਮੁਲਾਜ਼ਮ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਨੂੰ ਭਲਕੇ ਸਥਾਨਕ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਬਾਰੀਕੀ ਨਾਲ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਵਿਭਾਗ ਦਾ ਕੋਈ ਹੋਰ ਉੱਚ ਅਧਿਕਾਰੀ ਜਾਂ ਕਰਮਚਾਰੀ ਵੀ ਸ਼ਾਮਲ ਹੈ ਜਾਂ ਨਹੀਂ। ਇਸ ਸਫ਼ਲ ਕਾਰਵਾਈ ਤੋਂ ਬਾਅਦ ਵਿਜੀਲੈਂਸ ਵਿਭਾਗ ਬਰਨਾਲਾ ਨੇ ਆਮ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਉਨ੍ਹਾਂ ਦੇ ਜਾਇਜ਼ ਕੰਮ ਦੇ ਬਦਲੇ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਬਿਨਾਂ ਕਿਸੇ ਡਰ ਦੇ ਤੁਰੰਤ ਵਿਜੀਲੈਂਸ ਬਿਊਰੋ ਬਰਨਾਲਾ ਦੇ ਦਫ਼ਤਰ ਜਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਜਾਵੇ ਤਾਂ ਜੋ ਅਜਿਹੇ ਭ੍ਰਿਸ਼ਟ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਜੇਈ ਨੂੰ ਝੂਠੇ ਕੇਸ ‘ਚ ਫਸਾਉਣ ਦੀ ਸਾਜ਼ਿਸ਼: ਅਦਾਲਤ ਦੇ ਹੁਕਮਾਂ ‘ਤੇ ਡੀਐਸਪੀ ਗੁਰਸੇਵਕ ਬਰਾੜ ਵਿਰੁੱਧ ਮੁਕੱਦਮਾ ਦਰਜ









Users Today : 87
Users Yesterday : 54
Users Last 7 days : 633