ਚੰਡੀਗੜ੍ਹ ਬਿਊਰੋ:
ਪੰਜਾਬ ਵਿੱਚ ਆਪਣੀ ਬਹਾਲੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਅਤੇ ਸੂਬਾ ਸਰਕਾਰ ਵਿਚਾਲੇ ਟਕਰਾਅ ਹੋਰ ਵਧ ਗਿਆ ਹੈ। ਮੋਹਾਲੀ ਦੇ ਵਿਕਾਸ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਕੱਚੇ ਅਧਿਆਪਕ ਯੂਨੀਅਨ ਦੇ ਪ੍ਰਮੁੱਖ ਸੂਬਾ ਆਗੂਆਂ ਵਿਕਾਸ ਸਾਹਨੀ, ਲਖਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੂੰ ਦੁਪਹਿਰ ਵੇਲੇ ਸੋਹਾਣਾ ਪੁਲਿਸ ਸਟੇਸ਼ਨ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸਰਕਾਰ ਦੀ ਇਸ ਕਾਰਵਾਈ ਤੋਂ ਭੜਕੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ‘ਤੇ ਬੁਖਲਾਹਟ ਵਿੱਚ ਹੋਣ ਦੇ ਗੰਭੀਰ ਦੋਸ਼ ਲਗਾਉਂਦਿਆਂ ਤਿੱਖੀ ਨਿਖੇਧੀ ਕੀਤੀ ਹੈ। ਅਧਿਆਪਕ ਆਗੂਆਂ ਨੇ ਆਖਿਆ ਕਿ ਸਰਕਾਰ ਉਨ੍ਹਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਅਜਿਹੇ ਕੋਝੇ ਹੱਥਕੰਡੇ ਵਰਤ ਰਹੀ ਹੈ, ਪਰ ਉਹ ਇਨ੍ਹਾਂ ਡਰਾਵਿਆਂ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਐਲਾਨ ਕੀਤਾ ਕਿ ਹੁਣ ਸੰਘਰਸ਼ ਦੇ ਅਗਲੇ ਪੜਾਅ ਵਜੋਂ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਿਆਸੀ ਹਲਕੇ ਵਿੱਚ ਜਾ ਕੇ ਜ਼ੋਰਦਾਰ ਰੋਸ ਜਲੂਸ ਕੱਢਣਗੇ ਅਤੇ ਆਪਣਾ ਅੰਦੋਲਨ ਹੋਰ ਪ੍ਰਚੰਡ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਕੱਚੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿੱਥੇ ਚੰਡੀਗੜ੍ਹ ਸਰਹੱਦ ‘ਤੇ ਪੁਲਿਸ ਨਾਲ ਹੋਈ ਤਿੱਖੀ ਖਿੱਚ-ਧੂਹ ਅਤੇ ਹਲਕੇ ਲਾਠੀਚਾਰਜ ਦੌਰਾਨ ਮਨਜੀਤ ਕੌਰ ਪੁਰੀ ਅਤੇ ਪਰਵਿੰਦਰ ਕੌਰ ਸਮੇਤ ਕਈ ਅਧਿਆਪਕ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਅਧਿਆਪਕਾਂ ਨੇ ਮੁੱਖ ਚੌਂਕ ‘ਤੇ ਚੱਕਾ ਜਾਮ ਕਰ ਦਿੱਤਾ ਸੀ, ਜਿਸ ਨੂੰ ਦੇਰ ਸ਼ਾਮ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁੱਖ ਸਕੱਤਰ ਨਾਲ ਅੱਜ ਸਵੇਰੇ ਗਿਆਰਾਂ ਵਜੇ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸੇ ਤੋਂ ਬਾਅਦ ਖ਼ਤਮ ਕੀਤਾ ਗਿਆ ਸੀ। ਪਰ ਜਥੇਬੰਦੀ ਦੇ ਆਗੂ ਮਨਿੰਦਰ ਕੁਮਾਰ ਮਾਨਸਾ ਨੇ ਦੋਸ਼ ਲਗਾਇਆ ਕਿ ਸਰਕਾਰ ਮੀਟਿੰਗ ਦੇ ਤੈਅ ਸਮੇਂ ਤੋਂ ਮੁੱਕਰ ਗਈ ਅਤੇ ਗੱਲਬਾਤ ਕਰਨ ਦੀ ਬਜਾਏ ਸੰਘਰਸ਼ੀ ਆਗੂਆਂ ਨੂੰ ਥਾਣੇ ਡੱਕ ਦਿੱਤਾ ਗਿਆ, ਜਿਸ ਦਾ ਖ਼ਾਮਿਆਜ਼ਾ ਹੁਣ ਸਰਕਾਰ ਨੂੰ ਭੁਗਤਣਾ ਪਵੇਗਾ।
ਹੋਰ ਤਾਜ਼ਾ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਮੁੱਖ ਮੰਤਰੀ ਖ਼ਿਲਾਫ਼ ਲਾਏ ਵਿਵਾਦਿਤ ਬੋਰਡ ਨਗਰ ਨਿਗਮ ਵੱਲੋਂ ਜ਼ਬਤ, ਅਕਾਲੀ ਦਲ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ









Users Today : 81
Users Yesterday : 59
Users Last 7 days : 426