ਬਰਨਾਲਾ ਬਿਊਰੋ 7 ਅਪ੍ਰੈਲ
ਬਰਨਾਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਇਲਾਕੇ ਨਵੀਂ ਦਾਣਾ ਮੰਡੀ ਕੋਟਦੂਨਾ ਤੇ ਗੁਰੂ ਘਰ ਬਾਬਾ ਫੌਜਾ ਸਿੰਘ ਦੇ ਨਜ਼ਦੀਕ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਦੋ ਮੋਟਰਸਾਈਕਲਾਂ ਦੀ ਟਰੈਕਟਰ-ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ। ਜਿਸ ’ਚ ਚਾਰ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਹ ਸਾਰੇ ਨੌਜਵਾਨ ਫੁੱਟਬਾਲ ਦੇ ਖਿਡਾਰੀ ਦੱਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਧਨੌਲਾ ਤੋਂ ਮੱਤੀ ਵੱਲ ਜਾ ਰਹੇ ਸਨ। ਚਸ਼ਮਦੀਦਾਂ ਮੁਤਾਬਕ ਅੱਗੇ ਜਾ ਰਹੀ ਇਕ ਸਵਰਾਜ ਟਰੈਕਟਰ-ਟਰਾਲੀ ਦੇ ਚਾਲਕ ਮਨਜਿੰਦਰ ਸਿੰਘ ਵਾਸੀ ਬਦਰਾ ਨੇ ਬਿਨਾਂ ਕੋਈ ਇਸ਼ਾਰਾ ਦਿੱਤੇ ਜਾਂ ਪਿੱਛੇ ਦੇਖੇ ਅਚਾਨਕ ਟਰੈਕਟਰ ਨੂੰ ਸੱਜੇ ਪਾਸੇ ਮੋੜ ਦਿੱਤਾ। ਤੇਜ਼ ਰਫ਼ਤਾਰ ਮੋਟਰਸਾਈਕਲ ਸਿੱਧੇ ਟਰੈਕਟਰ-ਟਰਾਲੀ ਨਾਲ ਜਾ ਟਕਰਾਏ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਆਪਣੀ ਟੀਮ ਸਣੇ ਤੁਰੰਤ ਪਹੁੰਚੇ। ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਜਖਮੀ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਤੁਰੰਤ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ। ਜ਼ਖ਼ਮੀ ਹੋਏ ਚਾਰੇ ਨੌਜਵਾਨਾਂ ਦੀ ਪਛਾਣ ਜੰਗ ਬਹਾਦਰ, ਗੁਰਵੀਰ ਸਿੰਘ, ਗੁਰਪਿਆਰ ਸਿੰਘ ਤੇ ਜਸਕਰਨ ਸਿੰਘ ਵਜੋਂ ਹੋਈ ਹੈ। ਜੋ ਕਿ ਪਿੰਡ ਭੱਠਲਾਂ ਦੇ ਰਹਿਣ ਵਾਲੇ ਹਨ। ਹਸਪਤਾਲ ਦੇ ਡਾਕਟਰਾਂ ਅਨੁਸਾਰ ਜੰਗ ਬਹਾਦਰ, ਗੁਰਵੀਰ ਤੇ ਗੁਰਪਿਆਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਰਨਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਫੁੱਟਬਾਲ ਦੇ ਖਿਡਾਰੀ ਹਨ ਤੇ ਪਿੰਡ ਗੁੜਥੀ ’ਚ ਚੱਲ ਰਹੇ ਖੇਡ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਜਾ ਰਹੇ ਸਨ। ਹਾਦਸੇ ਤੋਂ ਬਾਅਦ ਸੜਕ `ਤੇ ਲੱਗੇ ਜਾਮ ਨੂੰ ਖੋਲ੍ਹਣ ਲਈ ਸੜਕ ਸੁਰੱਖਿਆ ਟੀਮ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਤੇ ਟ੍ਰੈਫਿਕ ਨੂੰ ਮੁੜ ਸੁਚਾਰੂ ਰੂਪ ’ਚ ਚਾਲੂ ਕੀਤਾ। ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਘਟਨਾ ਬਾਰੇ ਥਾਣਾ ਧਨੌਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਟਰੈਕਟਰ ਚਾਲਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਜ਼ਖ਼ਮੀ ਨੌਜਵਾਨਾਂ ਦੇ ਪਰਿਵਾਰ ਹਸਪਤਾਲ ਪਹੁੰਚ ਗਏ ਸਨ।
ਹੋਰ ਤਾਜ਼ਾਂ ਖਬਰਾਂ ਲਈ ਕਲਿੱਕ ਕਰੋ। ਖੁੱਲ੍ਹੀਆਂ ਅੱਖਾਂ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਐਂਡ ਚੰਡੀਗੜ੍ਹ ਦਾ ਲਗਾਇਆ ਜਿਲਾ ਮੈਂਬਰ









Users Today : 9
Users Yesterday : 16
Users Last 7 days : 197