ਸ਼ਹਿਰ ਵਿੱਚ ਗੰਦਗੀ ਦੇ ਢੇਰ, ਸ਼ਹਿਰ ਵਾਸੀਆਂ ਦੇ ਸਿਰ ਤੇ ਸੰਕਟ ਦਾ ਖਤਰਾ
ਮਨੋਜ ਸ਼ਰਮਾ
ਭਦੌੜ ਨਗਰ ਕੌਂਸਲ ਦੇ ਸਫਾਈ ਸੇਵਕ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ 5 ਜਨਵਰੀ ਤੋਂ ਅਣਮਿੱਥੇ ਸਮੇ ਲਈ ਹੜਤਾਲ ’ਤੇ ਹਨ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ, ਜਿਨ੍ਹਾਂ ਵਿੱਚੋਂ ਭਿਆਨਕ ਬਦਬੂ ਆਉਣ ਲੱਗੀ ਹੈ। ਇਸ ਸਥਿਤੀ ਕਾਰਨ ਸ਼ਹਿਰ ਵਾਸੀਆਂ ਵਿੱਚ ਬਿਮਾਰੀਆਂ ਫੈਲਣ ਦਾ ਡਰ ਵੱਧਦਾ ਜਾ ਰਿਹਾ ਹੈ।
ਹੜਤਾਲ ’ਤੇ ਬੈਠੇ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਦੀਆਂ ਤਨਖਾਹਾਂ ਦਾ ਤਕਰੀਬਨ 33 ਲੱਖ ਰੁਪਏ ਬਕਾਇਆ ਹੈ, ਪਰ ਬਾਵਜੂਦ ਇਸਦੇ ਅਧਿਕਾਰੀਆਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਪੰਜ ਮਹੀਨੇ ਤਨਖਾਹ ਨਾ ਮਿਲਣ ਕਾਰਨ ਉਹ ਆਪਣੇ ਘਰਾਂ ਦੇ ਖਰਚੇ, ਬੱਚਿਆਂ ਦੀ ਫੀਸ ਅਤੇ ਦਵਾਈਆਂ ਤੱਕ ਦੀ ਵਿਵਸਥਾ ਕਰਨ ਤੋਂ ਅਸਮਰਥ ਹੋ ਰਹੇ ਹਨ। ਸਫਾਈ ਸੇਵਕਾਂ ਨੇ ਦੋਸ਼ ਲਗਾਇਆ ਕਿ ਉਹ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਅਗਾਹ ਕਰ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਨਾ ਤਾਂ ਤਨਖਾਹਾਂ ਜਾਰੀ ਕਰਨ ਬਾਰੇ ਕੋਈ ਸਪਸ਼ਟ ਤਾਰੀਖ ਦੱਸੀ ਜਾ ਰਹੀ ਹੈ ਅਤੇ ਨਾ ਹੀ ਹੜਤਾਲ ਖ਼ਤਮ ਕਰਵਾਉਣ ਲਈ ਕੋਈ ਗੰਭੀਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਫਾਈ ਸੇਵਕਾਂ ਨੇ ਇਹ ਵੀ ਗੰਭੀਰ ਦੋਸ਼ ਲਗਾਇਆ ਕਿ 2012 ਤੋਂ ਉਨ੍ਹਾਂ ਦੀ ਤਨਖਾਹ ਵਿੱਚੋਂ ਪੀਐਫ ਦੀ ਰਕਮ ਕੱਟੀ ਜਾ ਰਹੀ ਹੈ, ਪਰ ਉਹ ਰਕਮ ਅਜੇ ਤੱਕ ਉਨ੍ਹਾਂ ਦੇ ਪੀਐਫ ਖਾਤਿਆਂ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਇਸ ਤੋਂ ਇਲਾਵਾ, 2014 ਤੋਂ ਉਨ੍ਹਾਂ ਨੂੰ ਵਰਦੀਆਂ ਵੀ ਨਹੀਂ ਦਿੱਤੀਆਂ ਗਈਆਂ, ਜਿਸ ਨਾਲ ਉਨ੍ਹਾਂ ਨੂੰ ਕੰਮ ਦੌਰਾਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੜਤਾਲੀ ਸਫਾਈ ਸੇਵਕਾਂ ਨੇ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਬਣਦੀ ਹੈ ਜਾਂ ਸ਼ਹਿਰ ਵਿੱਚ ਸਿਹਤ ਸੰਬੰਧੀ ਸੰਕਟ ਪੈਦਾ ਹੁੰਦਾ ਹੈ, ਤਾਂ ਇਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਅਤੇ ਸਰਕਾਰ ਦੀ ਹੋਵੇਗੀ।
ਇਸ ਮੌਕੇ ਹੜਤਾਲ ਵਿੱਚ ਸ਼ਾਮਲ ਸਫਾਈ ਸੇਵਕਾਂ ਵਿੱਚ ਜਸਵੀਰ ਸਿੰਘ, ਬਲਵੀਰ ਸਿੰਘ, ਮੋਹਨ ਲਾਲ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਮੰਗਲ ਸਿੰਘ, ਰਮੇਸ਼ ਕੁਮਾਰ, ਹਰੀਸ਼ ਕੁਮਾਰ, ਰਘਵੀਰ ਚੰਦ, ਮਹਾਵੀਰ ਚੰਦ, ਅਜਮੇਰ ਸਿੰਘ, ਪੁਸਪਾ ਦੇਵੀ, ਸਰੋਜ ਰਾਣੀ, ਨੀਤੂ ਰਾਣੀ, ਅਮਰਜੀਤ ਕੌਰ ਅਤੇ ਕ੍ਰਿਸ਼ਨਾ ਦੇਵੀ ਹਾਜ਼ਰ ਸਨ।
“ਕੋਈ ਦਿੱਕਤ ਨਹੀਂ ਆਉਣ ਦਿਆਂਗੇ “
ਇਸ ਸਬੰਧੀ ਨਗਰ ਕੌਂਸਲ ਭਦੌੜ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੱਕੇ ਸਫਾਈ ਸੇਵਕਾਂ ਦੀ ਤਿੰਨ ਮਹੀਨੇ ਦੀ ਤਨਖਾਹ ਅਤੇ ਕੱਚਿਆਂ ਦੀ ਇੱਕ ਮਹੀਨੇ ਦੀ ਤਨਖਾਹ ਬਕਾਇਆ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਕੋਲ ਐਕਸਾਈਜ਼ ਅਤੇ ਵੈਟ ਦੇ ਪੈਸੇ ਆ ਚੁੱਕੇ ਹਨ ਅਤੇ ਜਲਦੀ ਹੀ ਰਿਲੀਜ ਕਰਕੇ ਸਫਾਈ ਸੇਵਕਾਂ ਦੀ ਤਨਖਾਹ ਪਹਿਲ ਦੇ ਆਧਾਰ ਤੇ ਦਿੱਤੀ ਜਾਵੇਗੀ। ਅਤੇ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
“ਜਲਦ ਹੋ ਜਾਏਗਾ ਹੱਲ”
ਸੰਪਰਕ ਕੀਤੇ ਜਾਣ ਤੇ ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਅਭੀ ਕੁਰਸੀ ਸਫਾਈ ਕਰਮਚਾਰੀਆਂ ਦੀ ਤਨਖਾਹ ਜਲਦ ਉਹਨਾਂ ਦੀ ਖਾਤੇ ਵਿੱਚ ਆ ਦਿੱਤੀ ਜਾਏਗੀ। ਇਹੀ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ ਸਵਾਈ ਦੇ ਮੁੱਦੇ ਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।









Users Today : 25
Users Yesterday : 13
Users Last 7 days : 148