ਬਰਨਾਲਾ ਬਿਊਰੋ 24 ਫਰਵਰੀ।
ਸਬ ਡਿਵੀਜ਼ਨ ਮਹਿਲ ਕਲਾਂ ਵਿਖੇ ਪ੍ਰਸ਼ਾਸਨਿਕ ਫੇਰਬਦਲ ਤਹਿਤ ਨਵੇਂ ਨਿਯੁਕਤ ਹੋਏ ਉੱਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਕ੍ਰਿਤਿਕਾ ਗੋਇਲ ਆਈਏਐਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਦਫ਼ਤਰ ਪਹੁੰਚਣ ‘ਤੇ ਸਮੂਹ ਸਟਾਫ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਸ ਉਪਰੰਤ ਉਨ੍ਹਾਂ ਨੇ ਆਪਣਾ ਕੰਮਕਾਜ ਸ਼ੁਰੂ ਕੀਤਾ।
ਉਪਰੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕ੍ਰਿਤਿਕਾ ਗੋਇਲ ਨੇ ਆਪਣੀਆਂ ਤਰਜੀਹਾਂ ਸਪੱਸ਼ਟ ਕੀਤੀਆਂ। ਉਨ੍ਹਾਂ ਕਿਹਾ ਕਿ ਸਬ ਡਿਵੀਜ਼ਨ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ’ਚ ਆਪਣੇ ਕੰਮ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗਾ ਤੇ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ। ਐੱਸਡੀਐੱਮ ਗੋਇਲ ਨੇ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਕਿਸੇ ਦਫ਼ਤਰੀ ਕੰਮ ’ਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਜਾਂ ਕੋਈ ਅਧਿਕਾਰੀ\ਕਰਮਚਾਰੀ ਕੰਮ ’ਚ ਦੇਰੀ ਕਰਦਾ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਸਿੱਧਾ ਉਨ੍ਹਾਂ ਦੇ ਦਫ਼ਤਰ ’ਚ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂ ਬੱਧ ਤਰੀਕੇ ਨਾਲ ਕਰਨਾ ਉਨ੍ਹਾਂ ਦੀ ਮੁਖ ਜ਼ਿੰਮੇਵਾਰੀ ਹੋਵੇਗੀ। ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਬੋਲਦਿਆਂ ਐੱਸਡੀਐੱਮ ਗੋਇਲ ਨੇ ਕਿਹਾ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਜਨ-ਕਲਿਆਣਕਾਰੀ ਸਕੀਮਾਂ ਨੂੰ ਮਹਿਲ ਕਲਾਂ ਸਬ ਡਿਵੀਜ਼ਨ ’ਚ ਇੰਨਬਿੰਨ ਲਾਗੂ ਕੀਤਾ ਜਾਵੇਗਾ ਤਾਂ ਜੋ ਹਰ ਲੋੜਵੰਦ ਵਿਅਕਤੀ ਨੂੰ ਉਸਦਾ ਬਣਦਾ ਹੱਕ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨਿਕ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣਾ ਪੂਰਨ ਸਹਿਯੋਗ ਦੇਣ। ਇਸ ਮੌਕੇ ਉਨ੍ਹਾਂ ਦੇ ਨਾਲ ਦਫ਼ਤਰ ਦਾ ਸਮੂਹ ਸਟਾਫ਼ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਸਟਾਫ਼ ਨਾਲ ਮੀਟਿੰਗ ਦੌਰਾਨ ਸਖ਼ਤ ਸ਼ਬਦਾਂ ’ਚ ਹਦਾਇਤ ਕੀਤੀ ਕਿ ਦਫ਼ਤਰੀ ਕੰਮਕਾਜ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਕਰਮਚਾਰੀ ਸਮੇਂ ਸਿਰ ਦਫ਼ਤਰ ਹਾਜ਼ਰ ਹੋਵੇ ਤੇ ਆਮ ਜਨਤਾ ਨਾਲ ਨਿਮਰਤਾ ਨਾਲ ਪੇਸ਼ ਆਵੇ। ਉਨ੍ਹਾਂ ਦਾ ਮੁੱਖ ਉਦੇਸ਼ ਸਿੰਗਲ ਵਿੰਡੋ ਸਿਸਟਮ ਵਾਂਗ ਤੇਜ਼ੀ ਨਾਲ ਫਾਈਲਾਂ ਦਾ ਨਿਪਟਾਰਾ ਕਰਨਾ ਹੈ ਤਾਂ ਜੋ ਲੋਕਾਂ ਨੂੰ ਇੱਕੋ ਕੰਮ ਲਈ ਵਾਰ-ਵਾਰ ਦਫ਼ਤਰਾਂ ਦੇ ਗੇੜੇ ਨਾ ਲਾਉਣੇ ਪੈਣ। ਗੋਇਲ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਜਲਦ ਹੀ ਸਬ ਡਿਵੀਜ਼ਨ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਤੇ ਸਾਫ਼-ਸਫ਼ਾਈ ਵਰਗੇ ਬੁਨਿਆਦੀ ਮੁੱਦਿਆਂ `ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਲਾਕੇ ਦੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਉਹ ਖੁਦ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਤਾਲਮੇਲ ਕਰਕੇ ਚੱਲ ਰਹੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨਗੇ।
ਐੱਸਡੀਐੱਮ ਕ੍ਰਿਤਿਕਾ ਗੋਇਲ ਅਹੁਦਾ ਸੰਭਾਲਣ ਸਮੇਂ।
ਹੋਰ ਤਾਜ਼ਾਂ ਖਬਰਾਂ ਕਲਿੱਕ ਕਰੋ ਖੁੱਲ੍ਹੀਆਂ ਅੱਖਾਂ









Users Today : 1
Users Yesterday : 6
Users Last 7 days : 45