ਡਿਗਰੀ ਦੇ ਨਾਲ-ਨਾਲ ਪੇਸ਼ੇਵਰ ਹੁਨਰ ਹੋਣਾ ਅੱਜ ਦੇ ਸਮੇਂ ਦੀ ਮੁੱਖ ਲੋੜ
ਬਰਨਾਲਾ ਬਿਊਰੋ 18 ਫ਼ਰਵਰੀ
ਐੱਸਐੱਸਡੀ ਕਾਲਜ ਬਰਨਾਲਾ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਤੇ ਰੁਜ਼ਗਾਰ ਦੇ ਮੌਕਿਆਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਆਨਲਾਈਨ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਐਸੋਸੀਏਸ਼ਨ ਆਫ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ ਤੇ ਪਲੂਟਸ ਐਜੂਕੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਉਲੀਕੀ ਗਈ। ਜਿਸ ’ਚ ਕਾਲਜ ਦੇ ਸੈਮੀਨਾਰ ਹਾਲ ਤੋਂ ਵਿਦਿਆਰਥੀਆਂ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਿਰਕਤ ਕੀਤੀ। ਵਰਕਸ਼ਾਪ ਦੇ ਮੁੱਖ ਵਕਤਾ ਕੁਮਾਰੀ ਖੁਸ਼ੀ ਗੇਰਾ (ਏਸੀਸੀਏ ਐਫੀਲੀਏਟ ਤੇ ਫਾਇਨੈਂਸ ਐਜੂਕੇਟਰ) ਨੇ ਡਿਗਰੀ ਤੋਂ ਕਰੀਅਰ ਤਕ ਸਿਰਫ਼ ਤੁਹਾਡੀ ਡਿਗਰੀ ਤੁਹਾਨੂੰ ਨੌਕਰੀ ਕਿਉਂ ਨਹੀਂ ਦਿਵਾ ਸਕਦੀ ?
ਵਿਸ਼ੇ `ਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਬਹੁਤ ਹੀ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਕਿ ਅਜੋਕੇ ਮੁਕਾਬਲੇਬਾਜ਼ੀ ਵਾਲੇ ਯੁੱਗ ’ਚ ਕੇਵਲ ਅਕਾਦਮਿਕ ਡਿਗਰੀ ਪ੍ਰਾਪਤ ਕਰਨਾ ਹੀ ਕਾਫ਼ੀ ਨਹੀਂ ਹੈ। ਸਗੋਂ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਵਹਾਰਕ ਹੁਨਰ ਹਾਸਲ ਕਰਨਾ ਵੀ ਲਾਜ਼ਮੀ ਹੈ। ਖੁਸ਼ੀ ਗੇਰਾ ਨੇ ਕਾਮਰਸ ਦੇ ਵਿਦਿਆਰਥੀਆਂ ਲਈ ਮੌਜੂਦ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ।
ਜਿਨ੍ਹਾਂ ’ਚ ਮੁੱਖ ਤੌਰ `ਤੇ ਆਡਿਟਿੰਗ ਤੇ ਟੈਕਸੇਸ਼ਨ , ਫਾਇਨੈਂਸ਼ਲ ਮੈਨੇਜਮੈਂਟ (ਵਿੱਤੀ ਪ੍ਰਬੰਧਨ), ਕਾਰਪੋਰੇਟ ਰਿਪੋਰਟਿੰਗ ਤੇ ਕਨਸਲਟਿੰਗ, ਗਲੋਬਲ ਫਾਇਨੈਂਸ (ਅੰਤਰਰਾਸ਼ਟਰੀ ਵਿੱਤ) ਸ਼ਾਮਿਲ ਸਨ। ਉਨ੍ਹਾਂ ਨੇ ਵਿਸ਼ੇਸ਼ ਤੌਰ `ਤੇ ਐਸੋਸੀਏਸ਼ਨ ਆਫ ਚਾਰਟਰਡ ਸਰਟੀਫਾਈਡ ਅਕਾਊਂਟੈਂਟਸ ਵਰਗੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਪੇਸ਼ੇਵਰ ਯੋਗਤਾਵਾਂ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਅਜਿਹੇ ਕੋਰਸ ਵਿਦਿਆਰਥੀਆਂ ਨੂੰ ਵਿਸ਼ਵ

ਪੱਧਰੀ ਪਛਾਣ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ’ਚ ਵੱਡਾ ਵਾਧਾ ਕਰਦੇ ਹਨ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇੰਟਰਨਸ਼ਿਪ, ਸਾਫਟ ਸਕਿਲਜ਼ , ਵਿਸ਼ਲੇਸ਼ਣਾਤਮਕ ਸੋਚ ਤੇ ਡਿਜੀਟਲ ਦੱਖਲਤਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।
ਮਾਹਿਰਾਂ ਨੇ ਦੱਸਿਆ ਕਿ ਲਗਾਤਾਰ ਸਿੱਖਣ ਦੀ ਪ੍ਰਕਿਰਿਆ ਹੀ ਇਕ ਸਫਲ ਕਰੀਅਰ ਦੀ ਬੁਨਿਆਦ ਹੈ। ਇਸ ਪ੍ਰਭਾਵਸ਼ਾਲੀ ਵਰਕਸ਼ਾਪ ਦਾ ਕੁਸ਼ਲ ਸੰਯੋਜਨ ਪ੍ਰੋ. ਬਲਵੀਰ ਕੌਰ ਤੇ ਪ੍ਰੋ. ਸੁਖਪ੍ਰੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਕਾਮਰਸ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਜਿਨ੍ਹਾਂ ’ਚ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ ਤੇ ਪ੍ਰੋ. ਸਾਖੂ ਨੇ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।
ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੱਧੇ ਤੌਰ `ਤੇ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣ ਸਕਣ। ਵਿਦਿਆਰਥੀਆਂ ਨੇ ਇਸ ਸੈਸ਼ਨ ਨੂੰ ਬੇਹੱਦ ਲਾਭਦਾਇਕ ਦੱਸਿਆ ਤੇ ਕਰੀਅਰ ਯੋਜਨਾਬੰਦੀ ਸਬੰਧੀ ਆਪਣੇ ਸ਼ੰਕੇ ਵੀ ਦੂਰ ਕੀਤੇ।









Users Today : 1
Users Yesterday : 6
Users Last 7 days : 45