“ਆਪ” ਸਿਰਫ਼ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਸ ਪੱਖੀ ਪਾਰਟੀ“- ਪੀਐੱਸਯੂ
ਬਰਨਾਲਾ ਬਿਊਰੋ।
ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ (ਲੜਕੇ) ਬਰਨਾਲਾ ਵਿਖੇ ਸਿਖਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਰਿਹਾਈ ਦੀ ਮੰਗ ਕੀਤੀ।
ਇਸ ਮੌਕੇ ਪੀਐੱਸਯੂ ਦੇ ਸੂਬਾ ਆਗੂ ਸੁਖਦੀਪ ਹਥਨ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਲੰਘੇ ਦਿਨ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਪੰਜਾਬ ਸਰਕਾਰ ਦੀ ਕਥਿਤ ਸ਼ਹਿ ’ਤੇ ਪੰਜਾਬ ਦੀ ਸਪੈਸ਼ਲ ਪੁਲੀਸ ਤੇ ਸੀਆਈਏ ਸਟਾਫ਼ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਬੇਜ਼ਮੀਨੇ ਕਿਸਾਨ, ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਹੱਕਾਂ ਲਈ ਨਿਡਰਤਾ ਲੜਦੇ ਹਨ ਅਤੇ ਜ਼ਮੀਨ ਦੀ ਕਾਣੀ ਵੰਡ ਨੂੰ ਖ਼ਤਮ ਕਰਕੇ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲੋਚਦੇ ਹਨ ਹਨ। ਉਹ ਪਿਛਲੇ ਸਮਿਆਂ ਤੋਂ ਪਿੰਡਾ ਵਿੱਚ ਪੰਚਾਇਤੀ ਜ਼ਮੀਨ, ਨਜ਼ੂਲ ਜ਼ਮੀਨਾਂ, ਗਰੀਬਾਂ ਮਜ਼ਦੂਰਾਂ ਲਈ ਪੰਜ ਮਰਲੇ ਪਲਾਟ ਅਤੇ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣ ਲਈ ਸੰਘਰਸ਼ ਦੇ ਰਾਹ ’ਤੇ ਹਨ।
ਬੁਲਾਰਿਆਂ ਕਿਹਾ ਕਿ ਮਜ਼ਦੂਰ ਆਗੂ ਦੀ ਗ੍ਰਿਫ਼ਤਾਰੀ ਕਰਕੇ ‘ਆਪ’ ਮਜ਼ਦੂਰਾਂ ਦੇ ਵਿਰੋਧ ਵਿੱਚ ਆ ਖੜ੍ਹੀ ਹੈ। ਆਗੂਆਂ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਦੀ ਸਰਕਾਰ ਪੰਜਾਬ ਦੇ ਕਿਸੇ ਵੀ ਵਰਗ ਲਈ ਸਹੀ ਸਾਬਿਤ ਨਹੀਂ ਹੋ ਪਾਈ, ਇਹ ਸਿਰਫ਼ ਵੱਡੇ ਜਗੀਰਦਾਰਾਂ ਅਤੇ ਕਾਰਪੋਰੇਟਸ ਪੱਖੀ ਪਾਰਟੀ ਹੀ ਸਾਬਤ ਹੋਈ ਹੈ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਕਰਕੇ ਵਿਦਿਆਰਥੀ ਵਿਰੋਧੀ ਚਿਹਰਾ ਵੀ ਨੰਗਾ ਹੋਇਆ ਹੈ।
ਯੂਨੀਅਨ ਨੇ ਲੋਕ ਇੱਕਜੁਟਤਾ ਨਾਲ ਅਜਿਹੀਆਂ ਲੋਕ ਵਿਰੋਧੀ ਸਰਕਾਰਾਂ ਨੂੰ ਸਬਕ ਸਿਖਾਉਣਾ ਦਾ ਸੱਦਾ ਦਿਤਾ। ਇਸ ਤੋਂ ਇਲਾਵਾ ਆਈਟੀਆਈ ਦੇ ਵਿੱਚ ਸਿਖਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਆਗੂਆਂ ਕਿਹਾ ਕਿ ਸੰਸਥਾ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਪ੍ਰੋਫ਼ੈਸਰ ਲੰਘੀ 22 ਤੋਂ ਆਪਣੀ ਰੈਗੂਲਰ ਭਰਤੀ ਦੀ ਮੰਗ ਨੂੰ ਲੈ ਕੇ ਲਗਾਤਾਰ ਹੜਤਾਲ ’ਤੇ ਹਨ। ਜਿਸ ਕਰਕੇ ਸਿਖਿਆਰਥੀਆਂ ਦੀ ਟਰੇਨਿੰਗ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਯੂਨੀਅਨ ਵੱਲੋਂ ਇੰਸਟਰੱਕਟਰਾਂ ਦੇ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਪੰਜਾਬ ਪੱਧਰੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਇਸ ਮੌਕੇ ਅਰਸ਼ਦੀਪ ਸਿੰਘ, ਜਸ਼ਨਦੀਪ ਸਿੰਘ, ਮਨਿੰਦਰ ਸਿੰਘ, ਮਹਿਕਦੀਪ ਸਿੰਘ, ਹਰਜੀਤ ਸਿੰਘ, ਹਰਸਿਮਰਨ ਕੌਰ, ਕਮਲਪ੍ਰੀਤ ਕੌਰ, ਪ੍ਰਿੰਸਪਾਲ ਸਿੰਘ, ਪ੍ਰਭਜੋਤ ਸਿੰਘ, ਕਮਲਵੀਰ ਸਿੰਘ ਤੇ ਪ੍ਰਵੀਨ ਸਿੰਘ ਆਦਿ ਆਗੂ ਵੀ ਹਾਜ਼ਰ ਸਨ।









Users Today : 26
Users Yesterday : 13
Users Last 7 days : 149