ਬਰਨਾਲ਼ਾ ਬਿਊਰੋ
ਯੂਨਾਇਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਦੇਸ਼ ਵਿਆਪੀ ਸੰਘਰਸ਼ੀ ਸੱਦੇ ਤਹਿਤ ਇਥੇ ਸਟੇਟ ਬੈਂਕ ਆਫ ਇੰਡੀਆ (ਮੁੱਖ ਸ਼ਾਖਾ) ਦੇ ਸਾਹਮਣੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਇੰਡੀਅਨ ਬੈਂਕਸ ਅਸੋਸੀਏਸ਼ਨ ਤੇ ਸਰਕਾਰ ਦੀ ਟਾਲਮਟੋਲ ਨੀਤੀ ਦੀ ਸਖ਼ਤ ਨਿਖੇਧੀ ਕੀਤੀ।
ਆਗੂਆਂ ਕਿਹਾ ਕਿ ਹਫ਼ਤੇ ’ਚ 5 ਦਿਨਾਂ ਦਾ ਬੈਂਕਿੰਗ ਸਿਸਟਮ ਲਾਗੂ ਕਰਨਾ ਬੈਂਕ ਮੁਲਾਜ਼ਮਾਂ ਦੀ ਕੋਈ ਨਵੀਂ ਮੰਗ ਨਹੀਂ ਹੈ। ਸਗੋਂ ਇਹ ਇਕ ਸਿਧਾਂਤਕ ਤੌਰ `ਤੇ ਮੰਨਿਆ ਹੋਇਆ ਹੱਕ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣਬੁਝ ਕੇ ਨੋਟੀਫਿਕੇਸ਼ਨ ਜਾਰੀ ਕਰਨ ’ਚ ਦੇਰੀ ਕਰ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਮਾਨਸਿਕ ਤਣਾਅ ਪਾਇਆ ਜਾ ਰਿਹਾ ਹੈ। ਯੂਨੀਅਨ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਪਾਸੇ ਬੈਂਕਾਂ ’ਚ ਸਟਾਫ਼ ਦੀ ਭਾਰੀ ਕਮੀ ਹੈ ਤੇ ਮੌਜੂਦ ਮੁਲਾਜ਼ਮਾਂ `ਤੇ ਅਣਮਾਨਵੀ ਟਾਰਗੇਟ ਤੇ ਕੰਮ ਦਾ ਬੋਝ ਥੋਪਿਆ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਸਰਕਾਰ ਜਨਤਕ ਖੇਤਰ ਦੇ ਬੈਂਕਾਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਵੇਚਣ (ਨਿੱਜੀਕਰਨ) ਦੀਆਂ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਬੈਂਕ ਮੁਲਾਜ਼ਮਾਂ ਨੂੰ ਸੜਕਾਂ `ਤੇ ਉਤਰਨ ਲਈ ਮਜਬੂਰ ਕਰਨਾ ਸਰਕਾਰ ਦੀ ਨਾਕਾਮੀ ਹੈ। ਹਾਜ਼ਰੀਨ ਸਮੂਹ ਮੁਲਾਜ਼ਮਾਂ ਨੇ ਪ੍ਰਣ ਲਿਆ ਕਿ ਜਦੋਂ ਤੱਕ 5 ਦਿਨਾਂ ਬੈਂਕਿੰਗ ਤੇ ਹੋਰ ਲੰਬਿਤ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਦੋਂ ਤੱਕ ਯੂਨਾਇਟੇਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਵੱਡੇ ਕਾਰਪੋਰੇਟ ਡਿਫਾਲਟਰਾਂ ਦੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ `ਰਾਈਟ ਆਫ` ਕਰਕੇ ਉਨ੍ਹਾਂ ਨੂੰ ਰਿਆਇਤਾਂ ਦੇ ਰਹੀ ਹੈ। ਪਰ ਬੈਂਕਾਂ ਨੂੰ ਦਿਨ-ਰਾਤ ਚਲਾਉਣ ਵਾਲੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਤਿਆਗਿਆ ਤਾਂ ਆਉਣ ਵਾਲੇ ਦਿਨਾਂ ’ਚ ਦੇਸ਼ ਵਿਆਪੀ ਹੜਤਾਲਾਂ ਤੇ ਤਿੱਖੇ ਅੰਦੋਲਨ ਉਲੀਕੇ ਜਾਣਗੇ।
ਇਸ ਮੌਕੇ ਤਮੰਨਾ ਬਾਂਸਲ, ਗਗਨਦੀਪ ਸ਼ਰਮਾ, ਰਣਜੀਤ ਗੋਇਲ ਆਦਿ ਅਹੁਦੇਦਾਰ ਤੇ ਕਲਰਕ ਯੂਨੀਅਨ ਵਲੋਂ ਹਨੀ ਗੋਇਲ, ਵਰਿੰਦਰਜੀਤ ਸਿੰਘ, ਰਾਜਿੰਦਰ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਨੀਤੂ ਗੋਇਲ ਹਾਜ਼ਰ ਸਨ।
ਫੋਟੋ









Users Today : 26
Users Yesterday : 13
Users Last 7 days : 149