ਲੁਧਿਆਣਾ ਬਿਊਰੋ।
ਸੀਨੀਅਰ ਕਾਂਗਰਸੀ ਆਗੂ ਅਤੇ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ‘ਜੱਸੀ’ ਖੰਗੂੜਾ ਦੇ ਮਾਤਾ ਜੀ ਬੀਬੀ ਗੁਰਦਿਆਲ ਕੌਰ ਖੰਗੂੜਾ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 90 ਸਲਾਂ ਦੇ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ 10 ਦਸੰਬਰ, ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਤਾਲਾ ਵਿਖੇ ਕੀਤਾ ਜਾਵੇਗਾ। ਜਦਕਿ ਭੋਗ 12 ਦਸੰਬਰ, ਸ਼ੁੱਕਰਵਾਰ ਨੂੰ ਪਵੇਗਾ।ਉਨ੍ਹਾਂ ਦੇ ਪਤੀ ਜਗਪਾਲ ਸਿੰਘ ਖੰਗੂੜਾ, ਦੋ ਬੇਟੇ ਜੱਸੀ ਅਤੇ ਸੱਤੀ ਖੰਗੂੜਾ ਹਨ।
ਜ਼ਿਕਰਯੋਗ ਹੈ ਕਿ ਬੀਬੀ ਗੁਰਦਿਆਲ ਕੌਰ ਖੰਗੂੜਾ, 1960 ਦੇ ਦਹਾਕੇ ਵਿੱਚ ਇੰਗਲੈਂਡ ਚਲੇ ਗਏ ਸਨ। ਉਹ ਸਾਲ 2000 ਦੀ ਸ਼ੁਰੂਆਤ ਵਿੱਚ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਭਾਰਤ ਵਾਪਸ ਆਏ ਸਨ। ਉਨ੍ਹਾਂ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਲਾ ਰਾਏਪੁਰ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜੀ।
ਹਾਲਾਂਕਿ ਉਨ੍ਹਾਂ ਨੇ ਅਕਾਲੀ ਦਲ ਦੇ ਗੜ੍ਹ ਵਿੱਚ ਸ਼ਾਨਦਾਰ ਲੜਾਈ ਲੜੀ, ਪਰ ਉਹ ਕੁਝ ਹਜ਼ਾਰ ਵੋਟਾਂ ਦੇ ਥੋੜ੍ਹੇ ਫਰਕ ਨਾਲ ਹਾਰ ਗਏ। ਉਨ੍ਹਾਂ ਦੇ ਬੇਟੇ ਜੱਸੀ ਖੰਗੂੜਾ ਨੇ 2007 ਵਿੱਚ ਹੋਈਆਂ ਅਗਲੀਆਂ ਚੋਣਾਂ ਵਿੱਚ ਅਕਾਲੀਆਂ ਤੋਂ ਇਹ ਸੀਟ ਖੋਹ ਲਈ ਸੀ।
ਉਹ ਲੁਧਿਆਣਾ ਵਿੱਚ ਸਮਾਜਿਕ ਅਤੇ ਰਾਜਨੀਤਿਕ ਜੀਵਨ ਵਿੱਚ ਸਰਗਰਮ ਰਹੇ। ਉਨ੍ਹਾਂ ਨੇ 2002 ਅਤੇ 2007 ਦੌਰਾਨ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਟਰੱਸਟੀ ਵਜੋਂ ਵੀ ਸੇਵਾ ਨਿਭਾਈ।ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਵੱਖ ਵੱਖ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜੱਸੀ ਖੰਗੂੜਾ ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੀ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਖੰਗੂੜਾ ਪਰਿਵਾਰ ਨੂੰ ਭੇਜੇ ਇੱਕ ਸੰਦੇਸ਼ ਵਿੱਚ, ਉਨ੍ਹਾਂ ਕਿਹਾ ਕਿ ਉਹ ਇਸਨੂੰ ਆਪਣਾ ਨਿੱਜੀ ਘਾਟਾ ਸਮਝਦੇ ਹਨ ਅਤੇ ਬੀਬੀ ਜੀ ਉਨ੍ਹਾਂ ਲਈ ਮਾਂ ਦਾ ਸਥਾਨ ਰੱਖਦੇ ਸਨ।









Users Today : 0
Users Yesterday : 27
Users Last 7 days : 145