ਬਰਨਾਲ਼ਾ ਬਿਊਰੋ
ਪਿੰਡ ਟੱਲੇਵਾਲ ਵਿਖੇ ਇੱਕ ਘਰ ’ਚੋਂ ਇੱਕ ਮਹਿਲਾ ਤੇ ਪੁਰਸ ਦੀਆਂ ਸ਼ੱਕੀ ਹਾਲਾਤਾਂ ਵਿੱਚੋਂ ਮਿਲੀਆਂ ਲਾਸ਼ਾਂ ਨਾਲ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲਿਆ ਅਤੇ ਜਾਂਚ ਵਿੱਚ ਜੁਟ ਗਈ।
ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ’ਚ ਹੀ ਇੱਕ ਘਰ ਅੰਦਰ ਲਾਸ਼ਾਂ ਪਏ ਹੋਣ ਦੀ ਸੂਚਨਾ ਸਵੇਰੇ ਮਿਲੀ ਸੀ। ਮੌਕੇ ’ਤੇ ਪੁੱਜ ਕੇ ਦੇਖਿਆ ਗਿਆ ਤਾਂ ਇੱਕੋ ਕਮਰੇ ਅੰਦਰ ਮਹਿਲਾ ਦੀ ਲਾਸ਼ ਬੈੱਡ ਉੱਪਰ ਪਈ ਸੀ। ਜਦੋਂ ਕਿ ਉਸੇ ਕਮਰੇ ਵਿੱਚ ਹੀ ਬੈੱਡ ਦੇ ਨੇੜੇ ਵਿਅਕਤੀ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਪਰਵਿੰਦਰ ਸਿੰਘ (38) ਪੁੱਤਰ ਰਜਿੰਦਰ ਸਿੰਘ ਵਾਸੀ ਕਾਉਂਕੇ (ਜ਼ਿਲ੍ਹਾ ਲੁਧਿਆਣਾ) ਤੇ ਬਲਜੀਤ ਕੌਰ (30) ਪੁੱਤਰੀ ਕੁਲਦੀਪ ਸਿੰਘ ਵਾਸੀ ਅਲੀਗੜ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਪਿੰਡ ਟੱਲੇਵਾਲ ਵਿੱਚ ਬਰਗਰਾਂ ਦੀ ਦੁਕਾਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਸਨ। ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮ੍ਰਿਤਕ ਦੇਹ ਸੰਭਾਲ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਜਾਂਚ ਦੇ ਤਹਿਤ ਹੀ ਫੋਰੈਂਸ਼ਿਕ ਲੈਬ ਦੀ ਟੀਮ ਸਬੂਤ ਜੁਟਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਬੁਲਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਅਤੇ ਲਿਖਾਏ ਜਾਣ ਵਾਲੇ ਬਿਆਨਾਂ ਦੇ ਅਧਾਰ ’ਤੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਮਲੇ ਸਬੰਧੀ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਮੁੱਢਲੀ ਤਫ਼ਤੀਸ ਦੌਰਾਨ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਹੈ। ਜਦੋਂ ਕਿ ਅਸਲ ਕਾਰਨਾਂ ਬਾਰੇ ਕੁੱਝ ਵੀ ਸਪੱਸ਼ਟ ਤਫ਼ਤੀਸ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ। ਫ਼ਿਲਹਾਲ ਪੁਲਿਸ ਵੱਖ- ਵੱਖ ਪੱਖਾਂ ਤੋਂ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਜ਼ਿਲ੍ਹਾ ਲੁਧਿਆਣਾ ਦੇ ਵੱਖ- ਵੱਖ ਪਿੰਡਾਂ ਦੇ ਸਨ, ਪਿੰਡ ਟੱਲੇਵਾਲ ਵਿਖੇ ਕਿਉਂ ਰਹਿ ਰਹੇ ਹਨ, ਇਹ ਵੀ ਜਾਂਚ ਦਾ ਵਿਸ਼ਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਜੋ ਲੁਧਿਆਣਾ ’ਚ ਬਰਗਰਾਂ ਦਾ ਕੰਮ ਕਰਦਾ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਮ੍ਰਿਤਕ ਮਹਿਲਾ ਨਾਲ ਬਿਨ੍ਹਾਂ ਵਿਆਹ ਤੋਂ ਪਿੰਡ ਟੱਲੇਵਾਲ ਦੇ ਵਿਦੇਸ਼ ਰਹਿੰਦੇ ਇੱਕ ਪਰਿਵਾਰ ਦੇ ਮਕਾਨ ਵਿੱਚ ਕਿਰਾਏ ’ਤੇ ਰਹਿਣ ਲੱਗਾ ਸੀ।









Users Today : 0
Users Yesterday : 27
Users Last 7 days : 145